ਪੰਜਾਬ ਦੇ ਮਸਲਿਆਂ ਦੇ ਹੱਲ ਲਈ ਆਰਥਿਕ ਤਰੱਕੀ ਜ਼ਰੂਰੀ: ਅਜੇਪਾਲ ਸਿੰਘ ਬਰਾੜ
ਜ਼ੀਰਾ 8 ਜੂਨ,2026
*ਪੰਜਾਬ ਅੱਜ ਕਈ ਅਹਿਮ ਮਸਲਿਆਂ ਨਾਲ ਜੂਝ ਰਿਹਾ ਹੈ ਜਿਨਾਂ ਵਿੱਚ ਵਿਸ਼ੇਸ਼ ਕਰਕੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਉਦਯੋਗਿਕ ਪਛੜਾਪਣ ,ਨਸ਼ਿਆਂ ਦਾ ਫਲਾਅ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਪਲਾਇਨ ਹਨ, ਇਨਾਂ ਅਹਿਮ ਮਸਲਿਆਂ ਦੇ ਹੱਲ ਲਈ ਪੰਜਾਬ ਦੀ ਆਰਥਿਕ ਤਰੱਕੀ ਬਹੁਤ ਜਰੂਰੀ ਹੈ, ਇਹ ਵਿਚਾਰ ਸਰਦਾਰ ਅਜੇਪਾਲ ਸਿੰਘ ਬਰਾੜ ਪ੍ਰਧਾਨ ਮਿਸਲ ਸਤਲੁਜ ਜਥੇਬੰਦੀ ਵੱਲੋਂ ਅੱਜ ਇਥੇ ਚੜਦੀ ਕਲਾ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਖੁਸ਼ਹਾਲੀ ਦਾ ਆਧਾਰ ਉਸਦੀ ਆਰਥਿਕ ਤਰੱਕੀ ਹੁੰਦੀ ਹੈ।*
*ਉਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਨਿਵੇਸ਼, ਉਦਯੋਗ, ਖੇਤੀ ਅਧਾਰਿਤ ਪ੍ਰੋਸੈਸਿੰਗ ਇਕਾਈਆਂ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ, ਤਾਂ ਨਾ ਸਿਰਫ਼ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਹੀ ਭਵਿੱਖ ਨਜ਼ਰ ਆਵੇਗਾ, ਸਗੋਂ ਸੂਬੇ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ।* *ਪੰਜਾਬ ਦੇ ਮਾਲੀਏ ਬਾਰੇ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬੀ ਵਾਹਨਾਂ 'ਤੇ ਲਗਾਇਆ ਜਾ ਰਿਹਾ ਐਂਟਰੀ ਟੈਕਸ ਗੈਰ-ਵਾਜਬ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਲੋੜੀਂਦੀ ਨੀਤੀ ਬਣਾਉਣੀ ਚਾਹੀਦੀ ਹੈ।*
*ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵਾਤਾਵਰਣ ਅਤੇ ਸੜਕਾਂ ਦੀ ਸੰਭਾਲ ਦੇ ਨਾਂ 'ਤੇ ਟੈਕਸ ਵਸੂਲਦੀ ਹੈ, ਜਦਕਿ ਉੱਥੇ ਦੀਆਂ ਮੁੱਖ ਸੜਕਾਂ ਪਹਿਲਾਂ ਹੀ ਟੋਲ ਟੈਕਸ ਦੇ ਘੇਰੇ ਵਿੱਚ ਹਨ। ਇਸ ਦੇ ਬਾਵਜੂਦ ਪੰਜਾਬੀ ਟਰਾਂਸਪੋਰਟਰਾਂ ਅਤੇ ਯਾਤਰੀਆਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ।*
*ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਲੇ ਬਾਹਰੀ ਵਪਾਰਕ ਵਾਹਨਾਂ ਤੋਂ ਵੀ ਟੈਕਸ ਵਸੂਲ ਕੇ ਪੰਜਾਬ ਲਈ ਵਾਧੂ ਮਾਲੀਆ ਇਕੱਠਾ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਹਿਮਾਚਲ ਨਾਲ ਗੱਲਬਾਤ ਕਰਕੇ ਇਹ ਟੈਕਸ ਖਤਮ ਕਰਵਾਇਆ ਜਾਵੇ ਜਾਂ ਫਿਰ ਬਰਾਬਰੀ ਦੇ ਆਧਾਰ 'ਤੇ ਪੰਜਾਬ ਵਿੱਚ ਵੀ ਐਂਟਰੀ ਟੈਕਸ ਲਾਗੂ ਕੀਤਾ ਜਾਵੇ।*
*ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅੱਜ ਕਿਹਾ ਕਿ ਆਉਂਦੇ 2 ਮਹੀਨਿਆਂ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 17 ਚੜ੍ਹਦੀ ਕਲਾ ਰੈਲੀਆਂ ਕੀਤੀਆਂ ਜਾਣਗੀਆਂ।*
*ਸਰਦਾਰ ਬਰਾੜ ਨੇ ਕਿਹਾ ਕਿ "ਚੜ੍ਹਦੀ ਕਲਾ ਰੈਲੀਆਂ" ਦਾ ਪ੍ਰਮੁੱਖ ਮੰਤਵ ਸਿਰਫ਼ ਸਿਆਸੀ ਭਾਸ਼ਣ ਦੇਣਾ ਨਹੀਂ, ਸਗੋਂ ਪੰਜਾਬ ਦੇ ਅਸਲ ਮਸਲਿਆਂ ਨੂੰ ਲੋਕਾਂ ਅਤੇ ਸਰਕਾਰ ਸਾਹਮਣੇ ਲਿਆਉਣਾ ਹੈ ਤਾਂ ਜੋ ਸੂਬੇ ਲਈ ਜਵਾਬਦੇਹ ਅਤੇ ਲੋਕ-ਹਿਤੈਸ਼ੀ ਰਾਜਨੀਤੀ ਨੂੰ ਉਤਸ਼ਾਹ ਮਿਲ ਸਕੇ।*
*ਸਰਦਾਰ ਅਜੇਪਾਲ ਸਿੰਘ ਬਰਾੜ ਨੇ ਇਸ ਮੌਕੇ ਤੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਦੀਆਂ ਮਿਸਲ ਸਤਲੁਜ ਜਥੇਬੰਦੀ ਲਈ ਸਮਰਪਿਤ ਸੇਵਾਵਾਂ ਅਤੇ ਲੋਕਾਂ ਵਿੱਚ ਪ੍ਰਭਾਵਸ਼ਾਲੀ ਪ੍ਰਭਾਵ ਨੂੰ ਦੇਖਦੇ ਹੋਏ ਹਲਕਾ ਜ਼ੀਰਾ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਰੈਲੀ ਵਿੱਚ ਹਾਜ਼ਰ ਲੋਕਾਂ ਨੇ ਇਸ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਅਤੇ ਦਵਿੰਦਰ ਸਿੰਘ ਸੇਖੋਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।*
*ਇਸ ਮੌਕੇ ਤੇ ਦਵਿੰਦਰ ਸਿੰਘ ਸੇਖੋਂ ਨੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਵੱਲੋਂ ਸੌਪੀ ਗਈ ਨਵੀਂ ਜ਼ਿਮੇਂਵਾਰੀ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾ ਜਥੇਬੰਦੀ ਅਤੇ ਪੰਜਾਬ ਦੇ ਹੱਕੀ ਮੰਗਾਂ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਸਮਰਪਿਤ ਸੇਵਾਵਾਂ ਲਈ ਤਿਆਰ ਰਹਿਣਗੇ।*
*ਇਸ ਤੋਂ ਇਲਾਵਾ ਮਿਸਲ ਸਤਲੁਜ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਵੀ "ਚੜ੍ਹਦੀ ਕਲਾ ਰੈਲੀ" ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਖੇਤੀਬਾੜੀ, ਪਾਣੀ, ਲੋਕਤੰਤਰ ਅਤੇ ਕਾਨੂੰਨ-ਵਿਵਸਥਾ ਦੇ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੋਈ ਠੌਸ ਉਪਰਾਲੇ ਨਹੀਂ ਕਰ ਰਹੀ।*
*ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਮੁੱਲ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਐਗਰੋ-ਪ੍ਰੋਸੈਸਿੰਗ ਉਦਯੋਗਾਂ ਦੀ ਘਾਟ ਕਾਰਨ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਮੌਕੇ ਖੁੰਝ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਨਹਿਰੀ ਪਾਣੀ ਦੀ ਘਾਟ ਪੰਜਾਬ ਦੀ ਖੇਤੀ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ।*
*ਉਨਾਂ ਕਿਹਾ ਕਿ ਤਿੰਨ ਫਸਲੀ ਚੱਕਰ ਵਾਲੇ ਖੇਤਰਾਂ ਵਿੱਚ ਨਹਿਰੀ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਉਪਰਾਲੇ ਚੁੱਕਣੇ ਚਾਹੀਦੇ ਹਨ।*
*ਸਰਦਾਰ ਸੇਖੋਂ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਲੋਕਤੰਤਰ ਦੀ ਥਾਂ ਧੱਕੇਸ਼ਾਹੀ ਅਤੇ ਗੁੰਡਾਗਰਦੀ ਪ੍ਰਫੁੱਲਿਤ ਹੋ ਰਿਹਾ ਹੈ।*
*ਉਨਾਂ ਕਿਹਾ ਕਿ ਪਿੰਡਾਂ ਦੇ ਸਥਾਨਕ ਪ੍ਰਬੰਧ ਵਿੱਚ ਸਿਆਸੀ ਦਖਲਅੰਦਾਜ਼ੀ ਕਾਰਨ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਅਤੇ “ਕੋਠੀ ਕਲਚਰ” ਨੇ ਜਨਤਾ ਅਤੇ ਪ੍ਰਸ਼ਾਸਨ ਦਰਮਿਆਨ ਦੀ ਦੂਰੀ ਵਧਾ ਦਿੱਤੀ ਹੈ।*
*ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਕਤਲਾਂ, ਗੈਂਗਸਟਰਵਾਦ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਨੇ ਪੰਜਾਬ ਦੇ ਨਾਗਰਿਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ, ਪਰ ਇਸ ਮਾਮਲੇ ਵਿੱਚ ਵੀ ਹਾਲਾਤ ਚਿੰਤਾਜਨਕ ਹਨ।*
*ਇਸ ਮੌਕੇ ਹਰਜਿੰਦਰ ਸਿੰਘ ਸਹੋਤਾ, ਜਤਿੰਦਰ ਸਿੰਘ ਸਹੋਤਾ, ਜਸਵੰਤ ਕੌਰ ਅਤੇ ਤਰਸੇਮ ਸਿੰਘ ਨੇ ਮਿਸਲ ਸਤਲੁਜ ਦੀਆਂ ਪੰਜਾਬ ਪ੍ਰਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੰਗਠਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।*
*ਰੈਲੀ ਵਿੱਚ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ, ਅਮਰਿੰਦਰ ਸਿੰਘ ਤੁੜ ਕਨਵੀਨਰ ਪੂਰਾ ਪੰਜਾਬ ਲਹਿਰ,ਰਮਨਦੀਪ ਸਿੰਘ ਬਠਿੰਡਾ, ਹਰਦੀਪ ਸਿੰਘ ਡੋਡ, ਰਪਿੰਦਰਜੀਤ ਸਿੰਘ ਗੋਲਡੀ, ਮਾਨ ਸਿੰਘ ਕਿਲੀ, ਤੇਜਿੰਦਰ ਸਿੰਘ ਕੰਗ, ਅੰਮ੍ਰਿਤਪਾਲ ਸਿੰਘ ਜ਼ੀਰਾ, ਜਸਨੂਰ ਸਿੰਘ ਬਰਾੜ ਅਤੇ ਗੁਰਬੀਰ ਸਿੰਘ ਬੱਬੂ ਖੋਸਾ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਮਿਸਲ ਸਤਲੁਜ ਨਾਲ ਜੁੜਨ ਦਾ ਸੱਦਾ ਦਿੱਤਾ।*
- Download Babushahi App
-
-