ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਦੇ ਜ਼ਿਆਦਾਤਰ ਬਾਜ਼ਾਰ ਰਹੇ ਬੰਦ
ਸਿੱਖਾਂ ਦੇ ਜ਼ਖ਼ਮ ਅੱਜ ਵੀ ਹਰੇ , 1984 ਲਈ ਭਾਰਤ ਸਰਕਾਰ ਨੂੰ ਮਾਫ਼ ਨਹੀਂ ਕੀਤਾ: ਪਰਮਜੀਤ ਸਿੰਘ
ਕੁਲਵਿੰਦਰ ਸਿੰਘ / ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 06 ਜੂਨ 2026
ਘੱਲੂਘਾਰਾ ਦਿਵਸ ਮੌਕੇ ਦਲ ਖਾਲਸਾ ਵੱਲੋਂ ਦਿੱਤੀ ਗਈ ਅੰਮ੍ਰਿਤਸਰ ਬੰਦ ਦੀ ਕਾਲ ਦਾ ਸ਼ਹਿਰ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਦਲ ਖਾਲਸਾ ਦੇ ਆਗੂਆਂ ਨੇ ਹਾਲ ਗੇਟ ਬਾਜ਼ਾਰ ਵਿੱਚ ਮਾਰਚ ਕਰਦੇ ਹੋਏ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਹਾਲਾਂਕਿ ਇਸ ਦੌਰਾਨ ਬਾਜ਼ਾਰ ਦੀਆਂ ਜ਼ਿਆਦਾਤਰ ਦੁਕਾਨਾਂ ਪਹਿਲਾਂ ਹੀ ਬੰਦ ਨਜ਼ਰ ਆਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ 1984 ਦੇ ਘੱਲੂਘਾਰੇ ਦੇ ਜ਼ਖ਼ਮ ਅੱਜ ਵੀ ਸਿੱਖ ਕੌਮ ਦੇ ਦਿਲਾਂ ਵਿੱਚ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਅਜੇ ਤੱਕ ਉਸ ਘਟਨਾ ਲਈ ਭਾਰਤ ਸਰਕਾਰ ਨੂੰ ਮਾਫ਼ ਨਹੀਂ ਕੀਤਾ ਅਤੇ ਹਰ ਸਾਲ ਦੁਨੀਆ ਭਰ ਵਿੱਚ ਇਸ ਘਟਨਾ ਨੂੰ ਯਾਦ ਕਰਕੇ ਆਪਣੀ ਪੀੜਾ ਪ੍ਰਗਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਲ ਖਾਲਸਾ ਹਰ ਸਾਲ 5 ਜੂਨ ਨੂੰ ਮਾਰਚ ਕਰਦਾ ਹੈ ਅਤੇ 6 ਜੂਨ ਨੂੰ ਬੰਦ ਦੀ ਕਾਲ ਦਿੰਦਾ ਹੈ ਤਾਂ ਜੋ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਪੀੜਾ ਵਿੱਚ ਸਾਂਝੀਵਾਲ ਬਣਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ, ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸੰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਦਾਰ ਵੱਲੋਂ ਆਪਣੇ ਸੰਬੋਧਨ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਪੰਥ ਸਾਹਮਣੇ ਖੜ੍ਹੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਗਿਆ ਅਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਉਨ੍ਹਾਂ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਿਆ ਰਿਹਾ ਅਤੇ ਕਿਸੇ ਵੀ ਤਰ੍ਹਾਂ ਦਾ ਸ਼ੋਰ-ਸ਼ਰਾਬਾ ਜਾਂ ਨਾਅਰੇਬਾਜ਼ੀ ਨਹੀਂ ਹੋਈ।
ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਕਾਨੂੰਨ-ਵਿਵਸਥਾ ਨੂੰ ਪੂਰੀ ਤਰ੍ਹਾਂ ਬਣਾਈ ਰੱਖਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਲ ਖਾਲਸਾ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਮਜ਼ਬੂਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਵੀ ਬੰਦ ਨੂੰ ਸਮਰਥਨ ਦਿੱਤਾ ਗਿਆ ਅਤੇ ਪੂਰੇ ਦਿਨ ਦੌਰਾਨ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਰਹੀ।
- Download Babushahi App
-
-