ਮਰਦਮਸ਼ੁਮਾਰੀ 2027 : DC, SSP, ਅਦਾਕਾਰਾ ਰੁਪਿੰਦਰ ਰੂਪੀ ਸਮੇਤ ਹੋਰ ਹਸਤੀਆਂ ਨੇ ਕੀਤੀ ਸਵੈ ਗਣਨਾ
30 ਅਪ੍ਰੈਲ ਤੋਂ 14 ਮਈ 2026 ਤੱਕ ਖੁੱਲ੍ਹੇਗਾ ਸਵੈ ਗਣਨਾ se.census.gov.in ਪੋਰਟਲ: ਡਿਪਟੀ ਕਮਿਸ਼ਨਰ
ਵੱਧ ਤੋਂ ਵੱਧ ਜ਼ਿਲ੍ਹਾ ਵਾਸੀ ਆਪਣੀ ਗਣਨਾ ਆਪ ਕਰਨ ਲਈ ਅੱਗੇ ਆਉਣ: ਐੱਸ ਐੱਸ ਪੀ
ਜਨਗਣਨਾ ਸਬੰਧੀ ਪੋਸਟਰ ਵੀ ਕੀਤਾ ਜਾਰੀ
ਬਾਬੂਸ਼ਾਹੀ ਬਿਊਰੋ
ਬਰਨਾਲਾ, 30 ਅਪ੍ਰੈਲ
ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਅੱਜ ਸੂਬੇ ਵਿਚ ਸਵੈ ਗਣਨਾ ਦੀ ਸ਼ੁਰੂਆਤ ਹੋ ਗਈ ਹੈ। ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ, ਐੱਸ ਐੱਸ ਪੀ, ਉੱਘੀ ਅਦਾਕਾਰਾ ਰੁਪਿੰਦਰ ਰੂਪੀ, ਭੁਪਿੰਦਰ ਸਿੰਘ ਬਰਨਾਲਾ ਸਮੇਤ ਹੋਰ ਹਸਤੀਆਂ ਨੇ ਆਪਣੀ ਗਣਨਾ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਸਵੈ ਗਣਨਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸਹਿਤ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੈ ਗਣਨਾ ਪੋਰਟਲ ਖੁੱਲ ਗਿਆ ਹੈ। ਅੱਜ ਓਹਨਾਂ ਨੇ ਆਪਣੀ ਗਣਨਾ ਖ਼ੁਦ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਮਰਦਮਸ਼ੁਮਾਰੀ ਕਰਨ ਦਾ ਸੱਦਾ ਦਿੱਤਾ। ਓਹਨਾਂ ਕਿਹਾ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਓਟੀਪੀ ਕਿਸੇ ਗਿਣਤੀਕਾਰ ਜਾਂ ਹੋਰ ਵਿਅਕਤੀ ਨੂੰ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਓਹਨਾਂ ਦਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਸਵੈ ਗਣਨਾ ਬਾਰੇ ਜਾਗਰੂਕ ਕਰਨ ਲਈ ਐੱਸ ਐਮ ਐਸ ਵੀ ਭੇਜੇ ਜਾ ਰਹੇ ਹਨ। ਇਸ ਮੌਕੇ ਉਹਨਾਂ ਜਨਗਣਨਾ ਸਬੰਧੀ ਪੋਸਟਰ ਵੀ ਜਾਰੀ ਕੀਤਾ।
ਉਹਨਾਂ ਦੱਸਿਆ ਕਿ ਇਹ ਮਰਦਮਸ਼ੁਮਾਰੀ ਭਾਰਤ ਦੇਸ਼ ਦੀ ਹੁਣ ਤੱਕ ਦੀ 16ਵੀਂ ਮਰਦਮਸ਼ੁਮਾਰੀ ਹੈ ਅਤੇ ਅਜ਼ਾਦੀ ਤੋਂ ਬਾਅਦ ਦੀ 8ਵੀਂ ਹੈ। ਇਸ ਤੋਂ ਪਹਿਲਾਂ 2011 ਵਿੱਚ ਮਰਦਮਸ਼ੁਮਾਰੀ ਕਰਵਾਈ ਗਈ ਸੀ, ਜਿਸ ਅਨੁਸਾਰ ਬਰਨਾਲਾ ਜ਼ਿਲ੍ਹੇ ਦੀ ਕੁੱਲ ਅਬਾਦੀ 595527 ਸੀ ਜਿਸ ਵਿੱਚ 317522 ਪੁਰਸ਼ ਅਤੇ 278005 ਔਰਤਾਂ ਸਨ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਵੀ ਪੋਰਟਲ ਉੱਤੇ ਸਵੈ ਗਣਨਾ ਕੀਤੀ ਅਤੇ ਜ਼ਿਲ੍ਹੇ ਦੇ ਵਾਸੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਵਿਚ ਅੱਗੇ ਆਉਣ।
ਇਸ ਮੌਕੇ ਅਦਾਕਾਰਾ ਰੁਪਿੰਦਰ ਰੂਪੀ, ਅਦਾਕਾਰ/ ਡਾਇਰੈਕਟਰ ਭੁਪਿੰਦਰ ਸਿੰਘ ਬਰਨਾਲਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਮੋਦੀ, ਐੱਸ ਡੀ ਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ, ਕੌਮਾਂਤਰੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ (ਮੁੱਕੇਬਾਜ਼), ਲੇਖਕ ਤੇਜਾ ਸਿੰਘ ਤਿਲਕ, ਗੁਰਜੰਟ ਸਿੰਘ, ਤਰਸੇਮ, ਸੇਵਾਮੁਕਤ ਕਰਨਲ ਲਾਭ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ ਸਮੇਤ ਹੋਰ ਹਸਤੀਆਂ ਨੇ ਆਪਣੀ ਸਵੈ ਗਿਣਤੀ ਪੋਰਟਲ ਉੱਤੇ ਕੀਤੀ।
ਇਸ ਮੌਕੇ ਖੋਜ ਅਫ਼ਸਰ ਸਹਿਤ ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ ਨੇ ਦੱਸਿਆ ਕਿ ਜਨ ਗਣਨਾ ਤਹਿਤ ਟੌਲ ਫਰੀ ਨੰਬਰ 1855 ਜਾਰੀ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੈਂਸਜ਼ ਸੈੱਲ ਵੀ ਬਣਾਇਆ ਗਿਆ ਹੈ। ਓਹਨਾਂ ਦਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ (HLO) ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ ਜਿਸ ਵਿਚ ਗਿਣਤੀਕਾਰ ਘਰ ਘਰ ਜਾ ਕੇ ਗਿਣਤੀ ਕਰਨਗੇ ਤੇ 33 ਸਵਾਲ ਪੁੱਛਣਗੇ। ਓਹਨਾਂ ਸਾਰਿਆਂ ਨੂੰ ਆਪਣੀ ਸਹੀ ਜਾਣਕਾਰੀ ਦਰਜ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੈਂਸਜ਼ ਸੈੱਲ ਇੰਚਾਰਜ ਹਰਜੀਤ ਸਿੰਘ, ਡਾਇਰੈਕਟੋਰੇਟ ਆਫ ਸੈਂਸਜ਼ ਤੋਂ ਲਵਦੀਪ ਸਿੰਘ ਤੇ ਸੁਨੀਲ ਕੁਮਾਰ, ਨਗਰ ਨਿਗਮ ਤੋਂ ਗੋਬਿੰਦ ਬਾਂਸਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
Click to Follow Babushahi Facebook page →