ਸਰਹਾਲੀ ਕਲਾਂ ਵਿਖੇ ਮੋਟਰ ਗੈਰੇਜ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਰਾਕੇਸ਼ ਨਈਅਰ
ਸਰਹਾਲੀ ਕਲਾਂ/ਚੋਹਲਾ ਸਾਹਿਬ
ਜਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਵਿਖੇ ਨੈਸ਼ਨਲ ਹਾਈਵੇ 'ਤੇ ਗੁਲਹੇ ਪੈਲੇਸ ਦੇ ਸਾਹਮਣੇ ਇੱਕ ਮੋਟਰ ਗੈਰੇਜ ਨੂੰ ਲੱਗੀ ਭਿਆਨਕ ਅੱਗ ਨਾਲ ਗੈਰੇਜ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਨੇ ਦੱਸਿਆ ਉਹ ਰੋਜ਼ ਦੀ ਤਰਾਂ ਰਾਤ ਨੂੰ ਆਪਣਾ ਗੈਰੇਜ ਬੰਦ ਕਰ ਕੇ ਘਰ ਚਲਾ ਗਿਆ।ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਕਿਸੇ ਡਰਾਈਵਰ ਵੀਰ ਵਲੋਂ ਉਸਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸਦੇ ਗੈਰੇਜ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ।ਉਸ ਵਲੋਂ ਗੈਰੇਜ 'ਤੇ ਪਹੁੰਚ ਕੇ ਆਸ-ਪਾਸ ਲੋਕਾਂ ਦੀ ਮੱਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪਰ ਗੈਰੇਜ ਵਿੱਚ ਬੈਟਰੇ,ਇਨਵਰਟਰ,ਇਲੈਕਟ੍ਰਾਨਿਕਸ ਤੇ ਸਪੇਅਰ ਪਾਰਟਸ ਦਾ ਸਮਾਨ ਜੋ ਵੱਡੀ ਗਿਣਤੀ ਵਿੱਚ ਰੱਖਿਆ ਹੋਇਆ ਸੀ,ਸਭ ਸੜ ਕੇ ਸੁਆਹ ਹੋ ਚੁੱਕਾ ਸੀ।ਅੱਗ ਇੰਨ੍ਹੀ ਭਿਆਨਕ ਸੀ ਕਿ ਗੈਰੇਜ ਦੀ ਛੱਤ ਵੀ ਸਾਰੀ ਹੇਠਾਂ ਡਿੱਗ ਗਈ ਅਤੇ ਗੈਰੇਜ ਦਾ ਲੋਹੇ ਦਾ ਸ਼ਟਰ ਵੀ ਅੱਗ ਨਾਲ ਖੁੱਲ੍ਹ ਕੇ ਬਾਹਰ ਡਿੱਗ ਪਿਆ।ਉਨ੍ਹਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਵਾਪਰੀ ਘਟਨਾ ਵਿੱਚ ਉਨ੍ਹਾਂ ਦਾ 5 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ।ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ,ਜਿਸ ਤੋਂ ਬਾਅਦ ਗੇਰੇਜ ਵਿੱਚ ਪਿਆ ਬੈਟਰਾ ਫਟ ਗਿਆ 'ਤੇ ਅੱਗ ਨੇ ਭਿਆਨਕ ਰੂਪ ਲੈ ਲਿਆ।
Click to Follow Babushahi Facebook page →