ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਇਰਾਨ ’ਤੇ ਕੀਤੇ ਜਾ ਰਹੇ ਜੰਗੀ ਜੁਰਮਾਂ ਦੀ ਨਿਖੇਧੀ
ਹਰਦਮ ਮਾਨ
ਸਰੀ, 6 ਅਪਰੈਲ 2026-ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਅਮਰੀਕਾ ਅਤੇ ਇਸਰਾਈਲ ਵੱਲੋਂ ਇਰਾਨ ਵਿੱਚ ਕੀਤੇ ਜਾ ਰਹੇ ਫੌਜੀ ਹਮਲਿਆਂ ਨੂੰ ‘ਜੰਗੀ ਜੁਰਮ’ ਕਰਾਰ ਦਿੰਦਿਆਂ ਇਨ੍ਹਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੁਸਾਇਟੀ ਨੇ ਸੰਕਟ ਦੀ ਇਸ ਘੜੀ ਵਿੱਚ ਇਰਾਨੀ ਲੋਕਾਂ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਹਮਲਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ।
ਸੁਸਾਇਟੀ ਦੀ ਕੌਮੀ ਕਮੇਟੀ ਦੀ ਮੀਟਿੰਗ ਦੌਰਾਨ ਪਾਸ ਕੀਤੇ ਗਏ ਇੱਕ ਮਤੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹਮਲੇ ਸਿਰਫ਼ ਖੇਤਰੀ ਟਕਰਾਅ ਨਹੀਂ, ਸਗੋਂ ਇਸ ਦੇ ਪਿੱਛੇ ਅਮਰੀਕੀ ਸਾਮਰਾਜ ਅਤੇ ਇਸਰਾਈਲ ਦੀ ਇਰਾਨ ਅਤੇ ਖਾੜੀ ਦੇਸ਼ਾਂ ਦੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਵਿਸਥਾਰਵਾਦੀ ਨੀਤੀ ਕੰਮ ਕਰ ਰਹੀ ਹੈ। ਮਤੇ ਵਿੱਚ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਗਈ ਕਿ ਇਨ੍ਹਾਂ ਹਮਲਿਆਂ ਕਾਰਨ ਨਾ ਸਿਰਫ਼ ਇਰਾਨ ਵਿੱਚ ਤਬਾਹੀ ਮਚੀ ਹੈ, ਸਗੋਂ ਇਸ ਦਾ ਸਿੱਧਾ ਅਸਰ ਦੁਨੀਆ ਭਰ ਦੀ ਅਰਥਵਿਵਸਥਾ 'ਤੇ ਪਿਆ ਹੈ। ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਨੇ ਆਮ ਲੋਕਾਂ ਅਤੇ ਖਾਸ ਕਰਕੇ ਗਰੀਬ ਵਰਗ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।
ਤਰਕਸ਼ੀਲ ਸੁਸਾਇਟੀ ਨੇ ਦੁਨੀਆ ਭਰ ਵਿੱਚ ਅਮਰੀਕਾ-ਇਸਰਾਈਲ ਦੀਆਂ ਨੀਤੀਆਂ ਖ਼ਿਲਾਫ਼ ਉੱਠ ਰਹੀ ਲੋਕ ਲਹਿਰ ਨੂੰ ਇੱਕ ਹਾਂ-ਪੱਖੀ ਵਰਤਾਰਾ ਦੱਸਿਆ ਹੈ। ਸੁਸਾਇਟੀ ਨੇ ਕਿਹਾ ਕਿ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਅਤੇ ਹੁਣ ਇਰਾਨ ’ਤੇ ਹਮਲਿਆਂ ਲਈ ਜ਼ਿੰਮੇਵਾਰ ‘ਟਰੰਪ-ਨੇਤਨਯਾਹੂ’ ਦੀ ਜੁੰਡਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।
ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸੰਯੁਕਤ ਰਾਸ਼ਟਰ (UN) ਅਤੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਚੁੱਪੀ ਤੋੜਨ ਅਤੇ ਇਨ੍ਹਾਂ ਹਮਲਿਆਂ ਨੂੰ ਤੁਰੰਤ ਰੁਕਵਾਉਣ ਲਈ ਅਮਲੀ ਕਦਮ ਚੁੱਕਣ, ਤਾਂ ਜੋ ਖੇਤਰੀ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ।
Click to Follow Babushahi Facebook page →