ਡੇਰਾ ਸਾਹਿਬ ਲੁਹਾਰ ਵਿਖੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦਾ 22ਵਾਂ ਸ਼ਹੀਦੀ ਦਿਹਾੜਾ ਮਨਾਇਆ
ਕਿਸਾਨੀ ਮੰਗਾਂ ਲਈ ਸਰਕਾਰਾਂ ਖ਼ਿਲਾਫ਼ ਖੋਲ੍ਹਿਆ ਮੋਰਚਾ
ਤਰਨਤਾਰਨ/ਲੁਹਾਰ, 29 ਮਾਰਚ 2026: ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵੱਲੋਂ ਅੱਜ ਡੇਰਾ ਸਾਹਿਬ ਲੁਹਾਰ ਵਿਖੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦਾ 22ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੀ ਅਗਵਾਈ ਸਾਹਿਬ ਸਿੰਘ (ਪਟਿਆਲਾ), ਦਲਜੀਤ ਸਿੰਘ ਵਿਰਕ (ਸੰਗਰੂਰ), ਮੰਗਲ ਸਿੰਘ ਰਾਮਪੁਰਾ (ਅੰਮ੍ਰਿਤਸਰ), ਕਾਵਲ ਸਿੰਘ ਵਰਿਆ, ਸੁਖਵੰਤ ਸਿੰਘ ਦੁਬਲੀ, ਕਰਨੈਲ ਸਿੰਘ ਫਿਰੋਜ਼ਪੁਰ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਕੀਤੀ। ਸੂਬੇ ਭਰ ਤੋਂ ਆਏ ਕਿਸਾਨ ਆਗੂਆਂ ਨੇ ਸ਼ਹੀਦ ਅੰਗਰੇਜ਼ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਸਾਨੀ ਹੱਕਾਂ ਲਈ ਡਟਣ ਦਾ ਅਹਿਦ ਲਿਆ।
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸਮੇਤ ਹੋਰ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਅੱਗੇ ਹੇਠ ਲਿਖੀਆਂ ਮੰਗਾਂ ਰੱਖੀਆਂ ਅਤੇ ਮਤੇ ਪਾਸ ਕੀਤੇ। ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਿਆਂ ਤੋਂ ਮੁਕਤ ਕੀਤਾ ਜਾਵੇ। 'ਬਿਜਲੀ ਐਕਟ 2025' ਅਤੇ 'ਬੀਜ ਐਕਟ 2025' ਦੇ ਖਰੜੇ ਨੂੰ ਤੁਰੰਤ ਰੱਦ ਕੀਤਾ ਜਾਵੇ। ਸਰਕਾਰ ਸਮਾਰਟ ਮੀਟਰ ਲਗਾਉਣੇ ਤੁਰੰਤ ਬੰਦ ਕਰੇ। ਸਾਲ 2025 ਦੌਰਾਨ ਹੜ੍ਹਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੀ 100 ਫੀਸਦੀ ਭਰਪਾਈ ਕੀਤੀ ਜਾਵੇ।
ਇਸ ਮੌਕੇ ਸੁਖਦੇਵ ਸਿੰਘ ਮੰਡ, ਲਖਵਿੰਦਰ ਸਿੰਘ (ਹਰਿਆਣਾ), ਸੁਖਜੀਤ ਸਿੰਘ ਹਰਦੋ ਝੰਡੇ, ਗੁਰਵਿੰਦਰ ਸਿੰਘ ਭੰਗੂ, ਰਣਜੀਤ ਸਿੰਘ ਜਲੰਧਰ, ਕਾਰਜ ਸਿੰਘ ਘਰਿਆਲਾ ਅਤੇ ਹੋਰ ਕਈ ਸੂਬਾ ਪੱਧਰੀ ਆਗੂ ਮੌਜੂਦ ਸਨ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ।
Click to Follow Babushahi Facebook page →