ਬੁੱਢਾ ਦਲ ਵੱਲੋਂ ਇੰਟਰਨੈਸ਼ਨਲ ਦੋ ਰੋਜ਼ਾ ਗੱਤਕਾ ਮੁਕਾਬਲੇ ਅਰੰਭ, ਵਿਸ਼ੇਸ਼ ਪੰਜ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ
ਸ੍ਰੀ ਅਨੰਦਪੁਰ ਸਾਹਿਬ:- 2 ਮਾਰਚ 2026 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਦੇ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਵਿਰਸਾ ਸੰਭਾਲ ਇੰਟਰ ਨੈਸ਼ਨਲ ਗਤਕਾ ਮੁਕਾਬਲਿਆਂ ਦੀ ਅਰੰਭਤਾ ਅੱਜ ਖਾਲਸਾਈ ਸ਼ਾਨੋ-ਸ਼ੋਕਤ ਨਾਲ ਭਾਈ ਸੁਖਵਿੰਦਰ ਸਿੰਘ ਮੌਰ ਵੱਲੋ ਅਰਦਾਸ ਕਰਨ ਉਪਰੰਤ ਕੀਤੀ ਗਈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਹੋਰ ਸ਼ਖਸ਼ੀਅਤਾਂ ਨੇ ਗਤਕਾ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕਰਵਾਈ। ਸਿੱਖ ਪ੍ਰੰਪਰਾਵਾਂ ਨੂੰ ਰੂਪਮਾਨ ਕਰਦੀ ਇਸ ਜੰਗਜੂ ਕਲਾ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ ।ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਟੀਮਾਂ ਨੂੰ ਸਮਾਪਤੀ ਸਮੇਂ ਵਿਸ਼ੇਸ਼ ਮੈਡਲ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗਤਕਾ ਗੁਰੂ ਸਾਹਿਬ ਵੱਲੋਂ ਬਖਸ਼ੀ ਜੰਗਜੂ ਕਲਾ ਹੈ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਗਤਕੇ ਦੀ ਇਸ ਸ਼ਸ਼ਤਰ ਕਲਾ ਨੂੰ ਉਹ ਲੋਕ ਹੀ ਅਪਨਾਉਣ ਜੋ ਸਿੱਖੀ ਸਰੂਪ ਵਿਚ ਪ੍ਰਪੱਕ ਹਨ।
ਇਸੇ ਦੌਰਾਨ ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪਿਛਲੇ 15 ਸਾਲਾਂ ਤੋਂ ਵੱਧ ਵਿਰਸਾ ਸੰਭਾਲ ਇੰਟਰ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਇਸ ਵਾਰ ਵੀ ਦੋ ਰੋਜ਼ਾ ਵਿਰਸਾ ਸੰਭਾਲ ਇੰਟਰਨੈਸ਼ਨਲ ਗਤਕਾ ਮੁਕਾਬਲੇ ਅੱਜ ਤੇ ਕੱਲ ਨੂੰ ਹੋ ਰਹੇ ਹਨ। ਉਨ੍ਹਾਂ ਕਿਹਾ ਪਿਛਲੀ ਰਵਾਇਤ ਮੁਤਾਬਕ ਹੀ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 5 ਸਖਸ਼ੀਅਤਾਂ ਇਸ ਵਾਰ ਵੀ ਬੁੱਢਾ ਦਲ ਵੱਲੋਂ ਸਨਮਾਨਿਤ ਹੋ ਰਹੀਆਂ ਹਨ। ਜਿਨਾਂ ਵਿਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਗਿਆਨੀ ਗੁਰਦੇਵ ਸਿੰਘ ਅਸਟ੍ਰੇਲੀਆ, ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਅਮਰੀਕਾ ਨੂੰ ਬੁੱਢਾ ਦਲ ਦੇ ਤੀਸਰੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਯਾਦਗਾਰੀ ਐਵਾਰਡ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਯਾਦਗਾਰੀ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਗੁਰਮੇਲ ਸਿੰਘ ਕਨੇਡਾ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਸ. ਭਗਵਾਨ ਸਿੰਘ ਜੌਹਲ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸ਼ੇਰ ਸਿੰਘ, ਭਾਈ ਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਤੇ ਸੰਗਤਾਂ ਹਾਜ਼ਰ ਸਨ।
Click to Follow Babushahi Facebook page →