ਬਠਿੰਡਾ ਜ਼ਿਲ੍ਹੇ ਦੇ 17 ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ 137 ਮੈਂਬਰਾਂ ਨੂੰ ਚੁਕਾਈ ਸਹੁੰ
ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2026: ਜ਼ਿਲ੍ਹਾ ਬਠਿੰਡਾ ਦੇ ਨਵੇਂ ਚੁਣੇ 17 ਜ਼ਿਲ੍ਹਾ ਪ੍ਰੀਸ਼ਦ ਅਤੇ 137 ਬਲਾਕ ਸੰਮਤੀ ਮੈਂਬਰਾਂ ਨੂੰ ਅੱਜ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਮੌੜ ਸ਼੍ਰੀ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸਹੁੰ ਚੁਕਾਈ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੈਡਮ ਕੰਚਨ ਨੇ ਇਸ ਸਮਾਗਮ ਦੀ ਅਗਵਾਈ ਕੀਤੀ।
ਇਸ ਮੌਕੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਹੈ। ਪਿੰਡ ਦੀ ਪੰਚਾਇਤ ਤੋਂ ਬਾਅਦ ਬਲਾਕ ਸੰਮਤੀ ਅਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਪਿੰਡਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਕ ਤੋਂ ਵੱਧ ਪਿੰਡਾਂ ਦੇ ਸਾਂਝੇ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣ ਵਿੱਚ ਬਲਾਕ ਸੰਮਤੀਆਂ ਉੱਤੇ ਅਹਿਮ ਜਿੰਮੇਵਾਰੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਚੁਣੇ ਹੋਏ ਮੈਂਬਰ ਪੰਚਾਇਤੀ ਰਾਜ ਐਕਟ ਨੂੰ ਪੜ੍ਹਨ ਤਾਂ ਜੋ ਇਸ ਨਾਲ ਹਰੇਕ ਮੈਂਬਰ ਨੂੰ ਆਪਣੀਆਂ ਜਿੰਮੇਵਾਰੀਆਂ, ਅਧਿਕਾਰ ਅਤੇ ਕਰਤੱਬਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਰੇ ਚੁਣੇ ਗਏ ਨੁਮਾਇੰਦੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕ ਹਿੱਤਾਂ ਲਈ ਕੰਮ ਕਰਨ ਤਾਂ ਜੋ ਸਾਰੇ ਆਪੋ-ਆਪਣੇ ਖੇਤਰਾਂ ਦਾ ਵਿਕਾਸ ਕਰ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਨੇ ਦੱਸਿਆ ਕਿ 137 ਪੰਚਾਇਤ ਸੰਮਤੀਆਂ 'ਚ ਬਠਿੰਡਾ ਦੀਆਂ 15, ਗੋਨਿਆਣਾ ਦੀਆਂ 15 ਨਥਾਣਾ ਦੀਆਂ 16, ਮੌੜ ਦੀਆਂ 15, ਫੂਲ ਦੀਆਂ 18, ਰਾਮਪੁਰਾ ਦੀਆਂ 18, ਸੰਗਤ ਦੀਆਂ 15 ਅਤੇ ਤਲਵੰਡੀ ਦੀਆਂ 25 ਸੰਮਤੀਆਂ ਸ਼ਾਮਲ ਹਨ । ਇਸੇ ਤਰ੍ਹਾਂ ਜ਼ਿਲ੍ਹੇ ਚ 17 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਨੇ ਅੱਜ ਸਹੁੰ ਚੁੱਕੀ ਹੈ।
ਸਹੁੰ ਚੁੱਕ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਹਲਕਾ ਇੰਚਾਰਜ ਸ਼੍ਰੀ ਜਸਵਿੰਦਰ ਸਿੰਘ ਸ਼ਿੰਦਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਅਭਿਨਵ ਗੋਇਲ, ਪੰਚਾਇਤ ਅਫਸਰ ਸ਼੍ਰੀ ਗੁਰਜੀਵਨ ਸਿੰਘ ਬਰਾੜ, ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ ।
Click to Follow Babushahi Facebook page →