ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੇ ਮਾਰਗ ਦਰਸ਼ਕ ਅਤੇ ਸਹਾਇਕ ਬਣਨ ਦਾ ਸੱਦਾ
ਅਸ਼ੋਕ ਵਰਮਾ
ਮਾਨਸਾ, 27 ਫਰਵਰੀ 2026:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ) ਫਫੜੇ ਭਾਈ ਕੇ ਵਿਖੇ ਕਿਸ਼ੋਰ ਪ੍ਰੋਗਰਾਮ ਤਹਿਤ ਮਹਾਵਾਰੀ ਸਿਹਤ ਅਤੇ ਸਫਾਈ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਮਾਹਵਾਰੀ ਸਿਹਤ ਨਾਲ ਜੁੜੇ ਵਿਗਿਆਨਕ ਤੱਥਾਂ, ਸਫਾਈ ਦੇ ਮਿਆਰਾਂ ਅਤੇ ਸਮਾਜਿਕ ਭਰਮਾਂ ਬਾਰੇ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਵਿਦਿਆਰਥਣਾਂ ਨੂੰ ਸਹੀ ਅਤੇ ਸੰਵੇਦਨਸ਼ੀਲ ਮਾਰਗਦਰਸ਼ਨ ਦੇ ਸਕਣ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਕਿਹਾ ਕਿ ਮਾਹਵਾਰੀ ਸਿਹਤ ਅਤੇ ਸਫ਼ਾਈ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਲੰਮੇ ਸਮੇਂ ਤੱਕ ਚੁੱਪੀ ਬਣੀ ਰਹੀ, ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਵਿਸ਼ੇ ’ਤੇ ਖੁੱਲ੍ਹ ਕੇ ਅਤੇ ਵਿਗਿਆਨਕ ਢੰਗ ਨਾਲ ਗੱਲਬਾਤ ਕਰੀਏ।ਅਧਿਆਪਕ ਸਿਰਫ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਉਹ ਬੱਚਿਆਂ ਦੇ ਮਾਰਗਦਰਸ਼ਕ ਅਤੇ ਵਿਸ਼ਵਾਸਯੋਗ ਸਹਾਇਕ ਵੀ ਹੁੰਦੇ ਹਨ। ਕਿਸ਼ੋਰੀਆਂ ਨੂੰ ਮਾਹਵਾਰੀ ਦੌਰਾਨ ਸਹੀ ਜਾਣਕਾਰੀ, ਸਫਾਈ ਦੇ ਤਰੀਕੇ ਅਤੇ ਮਨੋਵਿਗਿਆਨਕ ਹੌਸਲਾ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇ ਅਸੀਂ ਉਨ੍ਹਾਂ ਨੂੰ ਸਹੀ ਸਮੇਂ ਤੇ ਸਹੀ ਦਿਸ਼ਾ ਦੇਵਾਂਗੇ, ਤਾਂ ਉਹ ਆਤਮਵਿਸ਼ਵਾਸ ਨਾਲ ਆਪਣੇ ਜੀਵਨ ਦੇ ਹਰ ਪੜਾਅ ਦਾ ਸਾਹਮਣਾ ਕਰ ਸਕਣਗੀਆਂ।
ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫ਼ਸਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਟ੍ਰੇਨਿੰਗ ਸਿਰਫ ਜਾਣਕਾਰੀ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਤੁਸੀਂ ਇਸਨੂੰ ਆਪਣੇ-ਆਪਣੇ ਸਕੂਲਾਂ ਵਿੱਚ ਲਾਗੂ ਕਰਕੇ ਇੱਕ ਸੁਰੱਖਿਅਤ ਅਤੇ ਸਵੱਛ ਵਾਤਾਵਰਣ ਤਿਆਰ ਕਰੋਗੇ। ਸਕੂਲਾਂ ਵਿੱਚ ਸੈਨੇਟਰੀ ਸਹੂਲਤਾਂ, ਸਾਫ਼ ਸੁਥਰੇ ਟਾਇਲਟ ਅਤੇ ਜਾਗਰੂਕਤਾ ਸੈਸ਼ਨ ਲਗਾਤਾਰ ਚਲਾਉਣੇ ਬਹੁਤ ਜ਼ਰੂਰੀ ਹਨ।
ਰਿਸੋਰਸ ਪਰਸਨ ਡਾ ਜਸਵੀਰ ਸਿੰਘ ਨੇ ਜਵਾਨੀ ਨੂੰ ਸਮਝਣਾ ਅਤੇ ਜਵਾਨੀ ਦਾ ਅਰਥ, ਡਾਕਟਰ ਗੁਰਪ੍ਰੀਤ ਕੌਰ ਨੇ ਮਾਨਸਿਕ ਸਿਹਤ ਬਾਰੇ, ਡਾ ਸੈਕੀ ਬਾਂਸਲ ਨੇ ਮਹਾਂਮਾਰੀ ਸਮੱਸਿਆ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਕਮਲਜੀਤ ਕੌਰ ਬਲਾਕ ਨੋਡਲ ਅਫ਼ਸਰ ਝੁਨੀਰ,ਹਰਲੀਨ ਕੌਰ, ਸ਼ਿਲਪਾ ਰਾਣੀ, ਮਧੂ ਬਾਲਾ, ਗਗਨਦੀਪ ਕੌਰ, ਸੋਨੀ ਸਿੰਗਲਾ ਬੀ ਆਰ ਸੀ, ਚਮਕੌਰ ਸਿੰਘ ਕੁਲਦੀਪ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।
Click to Follow Babushahi Facebook page →