ਲੁਧਿਆਣਾ ਪੁਲਿਸ ਦੀ ‘ਨਸ਼ਿਆਂ ਵਿਰੁੱਧ ਜੰਗ’ ਜਾਰੀ: ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ, ਦੋ ਹੋਰ ਨਾਮਜ਼ਦ
ਸੁਖਮਿੰਦਰ ਭੰਗੂ
ਲੁਧਿਆਣਾ 23 ਫਰਵਰੀ, 2026
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. (CIA) ਸਟਾਫ਼ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਗ੍ਰਿਫ਼ਤਾਰ ਕੀਤੇ ਮੁਲਜ਼ਮ ਸੁਮਿਤ ਉਰਫ਼ ਨਿੱਕੂ (ਵਾਸੀ ਰਾਮ ਨਗਰ, ਥਾਣਾ ਜਮਾਲਪੁਰ)ਤੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤੇ ਮੁਕੱਦਮਾ ਨੰਬਰ 41, ਧਾਰਾ 21-B/61/85 NDPS ਐਕਟ (ਥਾਣਾ ਜਮਾਲਪੁਰ) ਵਿਖੇ ਦਰਜ ਕੀਤਾ।
ਪੁਲਿਸ ਕਮਿਸ਼ਨਰ ਸ਼ਵਪਨ ਸ਼ਰਮਾ ਅਤੇ ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਇੰਸਪੈਕਟਰ ਅਵਤਾਰ ਸਿੰਘ (ਇੰਚਾਰਜ CIA ਸਟਾਫ਼) ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੁੰਡੀਆ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੱਕੀ ਹਾਲਤ ਵਿੱਚ ਰੋਕੇ ਗਏ ਸੁਮਿਤ ਉਰਫ਼ ਨਿੱਕੂ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਮੁਲਜ਼ਮ ਸੁਮਿਤ ਨੇ ਪੁਲਿਸ ਅੱਗੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਉਹ ਇਹ ਨਸ਼ਾ ਰਵੀ ਖੱਚਰ ਅਤੇ ਮਨੀ ਖੱਚਰ (ਵਾਸੀ ਗਗਨ ਨਗਰ, ਡਾਬਾ) ਨਾਮ ਦੇ ਵਿਅਕਤੀਆਂ ਕੋਲੋਂ ਲਿਆ ਕੇ ਸਪਲਾਈ ਕਰਦਾ ਸੀ।
ਪੁਲਿਸ ਨੇ ਰਵੀ ਅਤੇ ਮਨੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਵੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
Click to Follow Babushahi Facebook page →