ਸੜਕੀ ਹਾਦਸਿਆਂ ਅਤੇ ਜਾਮ ਤੋਂ ਮੁਕਤੀ ਲਈ 'ਲੇਨ ਡਿਸਪਲਿਨ' ਬਣਿਆ ਅੱਜ ਦੀ ਲੋੜ- ਏਸੀਪੀ ਟ੍ਰੈਫਿਕ ਗੁਰਦੇਵ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 16 ਫਰਵਰੀ 2026- ਵਧ ਰਹੀਆਂ ਸੜਕੀ ਦੁਰਘਟਨਾਵਾਂ ਅਤੇ ਸ਼ਹਿਰਾਂ ਵਿੱਚ ਲੱਗਦੇ ਲੰਮੇ ਜਾਮਾਂ ਤੋਂ ਨਿਜਾਤ ਪਾਉਣ ਲਈ 'ਲੇਨ ਸਿਸਟਮ' (Lane System) ਦੀ ਸਖ਼ਤੀ ਨਾਲ ਪਾਲਣਾ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਾਹਨ ਚਾਲਕ ਗਲਤ ਲੇਨ ਵਿੱਚ ਚੱਲਦੇ ਹਨ ਅਤੇ ਲਾਈਟ ਜੰਕਸ਼ਨ (ਟ੍ਰੈਫਿਕ ਲਾਈਟਾਂ) ਦੇ ਨੇੜੇ ਆ ਕੇ ਅਚਾਨਕ ਲੇਨ ਬਦਲਦੇ ਹਨ। ਇਹ ਲਾਪ੍ਰਵਾਹੀ ਨਾ ਸਿਰਫ਼ ਵੱਡੇ ਜਾਮ ਦਾ ਕਾਰਨ ਬਣਦੀ ਹੈ, ਸਗੋਂ ਭਿਆਨਕ ਹਾਦਸਿਆਂ ਨੂੰ ਵੀ ਸੱਦਾ ਦਿੰਦੀ ਹੈ।
ਗਲਤ ਲੇਨ ਦੀ ਵਰਤੋਂ ਦੇ ਨੁਕਸਾਨ
ਜਦੋਂ ਚਾਲਕ ਆਖਰੀ ਸਮੇਂ 'ਤੇ ਲੇਨ ਬਦਲਦੇ ਹਨ, ਤਾਂ ਪਿੱਛੇ ਆ ਰਹੇ ਵਾਹਨਾਂ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਪੂਰੀ ਟ੍ਰੈਫਿਕ ਵਿਵਸਥਾ ਠੱਪ ਹੋ ਜਾਂਦੀ ਹੈ। ਇਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਹੀ ਈਂਧਨ ਵੀ ਜ਼ਿਆਦਾ ਖ਼ਰਚ ਹੁੰਦਾ ਹੈ। ਏਸੀਪੀ ਟ੍ਰੈਫਿਕ ਨੇ ਲੇਨ ਵਿੱਚ ਚੱਲਣ ਦੇ ਫਾਇਦੇ ਦੱਸਦੇ ਹੋਏ ਕਿਹਾ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਤੇ ਟ੍ਰੈਫਿਕ ਦੀ ਰਫ਼ਤਾਰ ਨਿਰਵਿਘਨ ਰਹਿੰਦੀ ਹੈ। ਹਾਦਸਿਆਂ ਦੇ ਖ਼ਤਰੇ ਵਿੱਚ ਭਾਰੀ ਕਮੀ ਆਉਂਦੀ ਹੈ। ਜਾਮ ਤੋਂ ਬਚਣ ਨਾਲ ਚਾਲਕਾਂ ਦਾ ਤਣਾਅ ਘਟਦਾ ਹੈ। ਏਸੀਪੀ ਟ੍ਰੈਫਿਕ ਨੇ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੀ ਮੰਜ਼ਿਲ ਮੁਤਾਬਕ ਸਹੀ ਲੇਨ ਦੀ ਚੋਣ ਕਰਨ ਅਤੇ ਨਿਯਮਾਂ ਦਾ ਪਾਲਣ ਕਰਨ। ਆਓ, ਜ਼ਿੰਮੇਵਾਰ ਨਾਗਰਿਕ ਬਣੀਏ ਅਤੇ ਲੇਨ ਸਿਸਟਮ ਨੂੰ ਆਪਣੀ ਆਦਤ ਬਣਾਈਏ।