ਮਜ਼ਦੂਰਾਂ ਵੱਲੋਂ ਨਿੱਜੀਕਰਨ ਦੇ ਹਮਲਿਆਂ ਤੇ ਜੀ ਰਾਮ ਜੀ ਕਾਨੂੰਨ ਖਿਲਾਫ ਧਰਨੇ ਲਈ ਲਾਮਬੰਦੀ ਸ਼ੁਰੂ
ਅਸ਼ੋਕ ਵਰਮਾ
ਲੰਬੀ, 10 ਫਰਵਰੀ 2026 : ਮਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਨੂੰ ਬਹਾਲ ਕਰਨ , ਬਿਜਲੀ ਸੋਧ ਬਿੱਲ ਤੇ ਮਜ਼ਦੂਰ ਵਿਰੋਧੀ ਲੇਬਰ ਕੋਡ ਅਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ 90 ਦੇ ਕਰੀਬ ਮਜ਼ਦੂਰ ਕਿਸਾਨ ਮੁਲਾਜ਼ਮ ਤੇ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਪੰਜਾਬ ਭਰ ਵਿੱਚ ਭਾਜਪਾ ਤੇ ਆਪ ਆਗੂਆਂ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਿੰਡ ਸਿੰਘੇਵਾਲਾ ਵਿਖੇ ਕੀਤੀ ਗਈ। ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਨੇ ਦੱਸਿਆ ਕਿ ਸਾਂਝੇ ਸੂਬਾਈ ਸੱਦੇ ਦੇ ਤਹਿਤ 22 ਫਰਵਰੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਰਿਹਾਇਸ਼ ਅੱਗੇ , ਆਪ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਮਲੋਟ ਸਥਿਤ ਰਿਹਾਇਸ਼ ਤੇ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਰਿਹਾਇਸ਼ ਦਿੱਤੇ ਜਾ ਰਹੇ ਧਰਨੇ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਖੇਤ ਮਜ਼ਦੂਰਾਂ ਵੱਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਨਿੱਜੀਕਰਨ ਖ਼ਿਲਾਫ਼ 12 ਫਰਵਰੀ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਲਗਾਤਾਰ ਮਜ਼ਦੂਰ ਕਿਸਾਨ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਕਿਰਤੀ ਲੋਕਾਂ 'ਤੇ ਜ਼ੁਲਮ ਢਾਹ ਰਹੀਆਂ ਹਨ। ਉਹਨਾਂ ਆਖਿਆ ਕਿ ਭਾਜਪਾ ਦੀ ਸਰਕਾਰ ਜੀ ਰਾਮ ਜੀ ਕਾਨੂੰਨ ਤਹਿਤ ਮਜ਼ਦੂਰਾਂ ਨੂੰ 125 ਦਿਨ ਕੰਮ ਦੇਣ ਦੇ ਫਰੇਬੀ ਐਲਾਨਾਂ ਰਾਹੀਂ ਮਜ਼ਦੂਰਾਂ ਨੂੰ ਮਨਰੇਗਾ 'ਚ ਮਿਲਦਾ ਨਾਂਮਾਤਰ ਰੁਜ਼ਗਾਰ ਵੀ ਖੋਹਣ 'ਤੇ ਉਤਰ ਆਈ ਹੈ ਅਤੇ ਬਿਜਲੀ ਦੇ ਮੁਕੰਮਲ ਨਿੱਜੀਕਰਨ ਰਾਹੀਂ ਕਿਰਤੀ ਲੋਕਾਂ ਤੋਂ ਬਿਜਲੀ ਖੋਹ ਕੇ ਉਹਨਾਂ ਦੇ ਘਰਾਂ 'ਚ ਹਨੇਰਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।
ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਤੇ ਬਿਜਲੀ ਦੇ ਸਮਾਰਟ ਮੀਟਰ ਲਾਉਣ ਵਰਗੇ ਕਦਮ ਚੁੱਕ ਰਹੀ ਹੈ। ਮੀਟਿੰਗ ਵਿੱਚ ਕਾਲਾ ਸਿੰਘ ਖੂਨਣ ਖੁਰਦ, ਬਾਜ਼ ਸਿੰਘ ਭੁੱਟੀਵਾਲਾ, ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਸਿੰਘੇਵਾਲਾ ਤੇ ਰਾਮਪਾਲ ਸਿੰਘ ਗੱਗੜ ਵੀ ਮੌਜੂਦ ਸਨ। ਮੀਟਿੰਗ ਦੌਰਾਨ 22 ਫਰਵਰੀ ਦੇ ਧਰਨਿਆਂ ਚ ਖੇਤ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਕਰਾਉਣ ਲਈ ਪਿੰਡਾਂ ਅੰਦਰ ਜਨਤਕ ਇਕੱਤਰਤਾਵਾਂ ਅਤੇ ਰੋਸ ਮਾਰਚ ਕਰਨ ਦਾ ਫੈਸਲਾ ਵੀ ਲਿਆ ਗਿਆ।
ਮੀਟਿੰਗ ਦੌਰਾਨ ਬੀਤੇ ਦਿਨੀਂ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਦਰਸ਼ਨ ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਵਾਲੀ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਨੇ ਦੱਸਿਆ ਕਿ 22 ਫਰਵਰੀ ਨੂੰ ਭਾਜਪਾਈ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਬਾਦਲ ਸਥਿਤ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਸਾਂਝੇ ਧਰਨੇ ਦੀ ਸਫਲਤਾ ਲਈ ਪਿੰਡ ਵੜਿੰਗ ਖੇੜਾ, ਚੰਨੂੰ ਤੇ ਮਿਠੜੀ ਬੁੱਧਗਿਰ ਵਿਖੇ ਖੇਤ ਮਜ਼ਦੂਰਾਂ ਦੀਆਂ ਜਨਤਕ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਮਜ਼ਦੂਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।