ਸਪੈਸ਼ਲ ਟੀਕਾਕਰਨ ਮੁੰਹਿਮ 14 ਫਰਵਰੀ 2026 ਤੱਕ: ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 10 ਫਰਵਰੀ 2026 :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼਼ਾ ਨਿਰਦੇਸ਼ਾਂ ਅਨੁਸਾਰ 5 ਸਾਲ ਤੱਕ ਦੇ ਬੱਚੇ ਜ਼ੋ ਕਿਸੇ ਕਾਰਣ ਟੀਕਾਰਕਨ ਤੋ ਵਾਝੇ ਰਹਿ ਗਏ ਹਨ, ਲਈ ਵਿਸ਼ੇਸ ਹਫਤਾਵਾਰੀ ਟੀਕਾਰਕਨ ਮੁੰਹਿਮ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਇਹ ਮੁੰਹਿਮ 09 ਫਰਵਰੀ ਤੋਂ 14 ਫਰਵਰੀ 2026 ਤੱਕ ਚਲੇਗੀ। ਇਸ ਟੀਕਾਕਰਨ ਮੁੰਹਿਮ ਦਾ ਮੁੱਖ ਮੰਤਵ 0-5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਘੇਰੇ ਨੂੰ ਮਜਬੂਤ ਕਰਨਾ ਹੈ।ਜਿਲ੍ਹਾ ਟੀਕਾਕਰਨ ਅਫਸਰ ਡਾ ਮੀਨਾਕਸੀ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਏਰੀਏ ਵੱਲ ਵਿਸ਼ੇਸ ਧਿਆਨ ਕੇਦਰਿਤ ਕੀਤਾ ਜਾਵੇਗਾ। ਜਿਲ੍ਹੇ ਵਿੱਚ 0—5 ਸਾਲ ਦੇ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ, ਜਿਨ੍ਹਾਂ ਦਾ ਟੀਕਾਕਰਨ ਕਿਸੇ ਕਾਰਣ ਕਰਕੇ ਅਧੂਰਾ ਹੈ, ਦਾ ਟੀਕਾਕਰਨ ਮੁਕੰਮਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਖਸਰਾ ਅਤੇ ਰੁਬੇਲਾ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਐਮ ਆਰ-1 ਅਤੇ ਐਮ ਆਰ-2 ਦੀ 100 ਫੀਸਦੀ ਦੀ ਕਵਰੇਜ਼ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਟੀ ਡੀ 10 ਸਾਲ ਅਤੇ ਟੀ ਡੀ 16 ਸਾਲ ਦੀ ਕਵਰੇਜ਼ ਨੂੰ ਯਕੀਨੀ ਬਣਾਇਆ ਜਾਵੇਗਾ।
ਪ੍ਰਵਾਸੀ ਆਬਾਦੀ ਵਾਲੇ ਇਲਾਕਿਆ, ਝੁੱਗੀਆ, ਝੋਪੜੀਆਂ, ਖਾਨਾਬਦੋਸ਼ ਥਾਵਾਂ, ਇੱਟਾਂ ਦੇ ਭੱਠੇ, ਗੁੱਜਰਾਂ ਦੇ ਡੇਰੇ ਆਦਿ ਦਾ ਸਰਵੇਖਣ ਮੁਕੰਮਲ ਕੀਤਾ ਗਿਆ ਹੈ ਜਿਸ ਵਿੱਚ ਡਰਾਪ ਆਊਟ ਅਤੇ ਲਿਫਟ ਆਊਟ ਬੱਚੇ ਹਨ ਅਤੇ ਗਰਭਵਤੀ ਔਰਤਾਂ ਦੀ ਜਾਚ ਦੀ ਜਾਣਕਾਰੀ ਇੱਕਠੀ ਕੀਤੀ ਗਈ ਹੈ।ਬੀ.ਈ.ਈ ਪਵਨਜੀਤ ਕੌਰ, ਐਲ.ਐਚ.ਵੀ ਗੁਰਜਿੰਦਰ ਕੌਰ ਅਤੇ ਕੌਸਲਰ ਚਰਨਪਾਲ ਕੌਰ ਨੇ ਦੱਸਿਆ ਕਿ ਸਪੈਸ਼ਲ ਟੀਕਾਕਰਣ ਮੁਹਿੰਮ ਤਹਿਤ ਬੱਚਿਆਂ ਨੂੰ ਪੋਲਿਓ, ਪੀਲੀਆਂ, ਤਪਦਿਕ, ਕੰਨ ਪੇੜੇ, ਕਾਲੀ ਖਾਂਸੀ, ਟੈਟਨਸ, ਨਿਮੋਨੀਆ ਅਤੇ ਦਸਤ, ਖਸਰਾ ਅਤੇ ਰੁਬੇਲਾ ਅਤੇ ਅੰਨੇਪਣ ਸਮੇਤ 11 ਗੰਭੀਰ ਬੀਮਾਰੀਆਂ ਤੋ ਬਚਾਉਣ ਲਈ ਬੱਚਿਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਜਰੂਰੀ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਜਾ ਗਰਭਵਤੀ ਔਰਤਾਂ ਦਾ ਕੋਈ ਟੀਕਾਕਰਨ ਰਹਿ ਗਿਆ ਹੈ ਤਾ ਉਹ ਨਜਦੀਕੀ ਸਿਹਤ ਸੰਸਥਾ ਚ ਜਾ ਕੇ ਵਿਸ਼ੇਸ ਟੀਕਾਕਰਨ ਹਫਤੇ ਦੌਰਾਨ ਟੀਕਾਕਰਨ ਜਰੂਰੀ ਕਰਵਾਉਣ।