ਰਾਜਪੁਰਾ ਬਾਈਪਾਸ ਅਤੇ ਚੰਡੀਗੜ੍ਹ ਰੇਲ ਲਿੰਕ ਦੀ ਸੌਗਾਤ ਲਈ ਚਰਨਜੀਤ ਸਿੰਘ ਬਰਾੜ ਵੱਲੋਂ ਪ੍ਰਧਾਨ ਮੰਤਰੀ ਅਤੇ ਰਵਨੀਤ ਬਿੱਟੂ ਦਾ ਧੰਨਵਾਦ
ਰਾਜਪੁਰਾ: 10 ਫਰਵਰੀ, 2026
ਪੰਜਾਬ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅਤੇ ਖਾਸ ਕਰਕੇ ਪੁਆਧ ਖਿੱਤੇ ਦੇ ਅਹਿਮ ਸ਼ਹਿਰ ਰਾਜਪੁਰਾ ਨੂੰ ਰੇਲਵੇ ਬਾਈਪਾਸ ਦੀ ਵੱਡੀ ਸੌਗਾਤ ਦੇਣ ਲਈ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਹੈ।
ਬਰਾੜ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਰਾਜਧਾਨੀ ਚੰਡੀਗੜ੍ਹ ਨੂੰ ਰੇਲ ਮਾਰਗ ਰਾਹੀਂ ਸਮੁੱਚੇ ਮਾਲਵੇ ਅਤੇ ਰਾਜਸਥਾਨ ਦੇ ਇਲਾਕਿਆਂ ਨਾਲ ਜੋੜਨ ਦੀ ਅਸਲ ਪਹਿਲਕਦਮੀ ਕੀਤੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਚੰਡੀਗੜ੍ਹ ਦੀ ਮੰਗ ਤਾਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ, ਪਰ ਰਾਜਪੁਰਾ ਤੋਂ ਚੰਡੀਗੜ੍ਹ ਰੇਲ ਲਿੰਕ ਦੇ ਪ੍ਰੋਜੈਕਟ ਨੂੰ ਪਿਛਲੀਆਂ ਸਰਕਾਰਾਂ ਨੇ ਕਦੇ ਸਿਰੇ ਨਹੀਂ ਚੜ੍ਹਾਇਆ। ਹੁਣ ਰਾਜਪੁਰਾ ਬਾਈਪਾਸ ਬਣਨ ਨਾਲ ਰੇਲਵੇ ਆਵਾਜਾਈ ਵਿੱਚ ਵੱਡਾ ਸੁਧਾਰ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਰਾਜਪੁਰਾ ਨੂੰ ਪਹਿਲਾਂ ਹੀ ਪ੍ਰਧਾਨ ਮੰਤਰੀ ਵੱਲੋਂ ਇੰਡਸਟਰੀਅਲ ਪਾਰਕ ਦੀ ਸੌਗਾਤ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸ਼ਹਿਰ ਨੂੰ 4 ਅਤੇ 6 ਲੇਨ ਸੜਕਾਂ ਨਾਲ ਜੋੜਨ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਣ ਕਾਰਨ ਰਾਜਪੁਰਾ ਦਾ ਭਵਿੱਖ ਬਹੁਤ ਉੱਜਵਲ ਹੈ। ਉਨ੍ਹਾਂ ਇਸ ਵਿਕਾਸ ਲਈ ਸਮੂਹ ਪੰਜਾਬੀਆਂ ਅਤੇ ਖਾਸ ਕਰਕੇ ਰਾਜਪੁਰਾ ਇਲਾਕੇ ਦੇ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਖਿੱਤੇ ਦੀ ਆਰਥਿਕ ਤਰੱਕੀ ਹੋਣੀ ਤੈਅ ਹੈ।