ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ 'ਪੁਆਇੰਟ ਆਫ਼ ਕਾਲ' ਸੂਚੀ ਵਿੱਚ ਸ਼ਾਮਲ ਕਰਨ ਦੀ ਕੀਤੀ ਮੰਗ
ਐਮਪੀ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ, ਸਿੰਗਾਪੁਰ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਕੀਤੀ ਮੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਨੇ ਏਵੀਏਸ਼ਨ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖਿਆ, ਪੰਜਾਬ ਕੋਲ 2 ਕੌਮਾਂਤਰੀ ਅਤੇ 4 ਘਰੇਲੂ ਹਵਾਈ ਅੱਡੇ: ਐਮਪੀ ਸਤਨਾਮ ਸਿੰਘ ਸੰਧੂ
ਕੇਂਦਰ ਸਰਕਾਰ ਨੇ ਪੰਜਾਬ ਨੂੰ ਬਹੁਤ ਕੁੱਝ ਦਿੱਤਾ, ਪਰ ਪੰਜਾਬੀਆਂ ਦਾ 'ਦਿਲ ਮਾਂਗੇ ਮੋਰ', ਰਾਜ ਸਭਾ ਵਿੱਚ ਬੋਲੇ ਐਮਪੀ ਸਤਨਾਮ ਸੰਧੂ
ਐਮਪੀ ਸਤਨਾਮ ਸਿੰਘ ਸੰਧੂ ਨੇ ਪੰਜਾਬ ਤੋਂ ਨਿਰਯਾਤ ਵਧਾਉਣ ਲਈ ਦੋਵੇਂ ਕੌਮਾਂਤਰੀ ਹਵਾਈ ਅੱਡਿਆਂ ਦੀ 'ਕਾਰਗੋ ਸਮਰੱਥਾ ਵਿੱਚ ਵਾਧਾ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ, 10 ਫ਼ਰਵਰੀ: ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਮੰਗਲਵਾਰ ਨੂੰ ਰਾਜ ਸਭ ਵਿੱਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ (ਚੰਡੀਗੜ੍ਹ ਇੰਟਰਨੈਸ਼ਨਲ ਏਅਰ ਪੋਰਟ) ਉੱਪਰ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਦਾ ਮੁੱਦਾ ਚੁੱਕਿਆ। ਐਮਪੀ ਸੰਧੂ ਨੇ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ, ਸਿੰਗਾਪੁਰ ਅਤੇ ਵੈਨਕੂਵਰ ਲਈ ਫ਼ਲਾਈਟਾਂ ਸ਼ੁਰੂ ਕਰਨ ਦੀ ਮੰਗ ਕੀਤੀ।
ਸੰਸਦ ਦੇ ਬਜਟ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਿਆਂ ਐਮਪੀ ਸੰਧੂ ਨੇ ਕਿਹਾ, “ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ 'ਪੁਆਇੰਟ ਆਫ਼ ਕਾਲ' ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।“ ਦੱਸ ਦਈਏ ਕਿ 'ਪੁਆਇੰਟ ਆਫ਼ ਕਾਲ' ਦੇ ਤਹਿਤ ਦੋ ਮੁਲਕਾਂ ਵਿਚਾਲੇ ਸਮਝੌਤਾ ਹੁੰਦਾ ਹੈ, ਜਿਸ ਤੋਂ ਬਾਅਦ ਹੀ ਕੌਮਾਂਤਰੀ ਏਅਰ ਲਾਈਨ ਕੰਪਨੀਆਂ ਨੂੰ ਕਿਸੇ ਖ਼ਾਸ ਹਵਾਈ ਅੱਡੇ ਤੋਂ ਦੁਨੀਆ ਭਰ ਵਿੱਚ ਉਡਾਣ ਭਰਨ ਲਈ ਇਜਾਜ਼ਤ ਮਿਲਦੀ ਹੈ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਦੋਵੇਂ ਕੌਮਾਂਤਰੀ ਹਵਾਈ ਅੱਡਿਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀ ਕਾਰਗੋ ਸਮਰੱਥਾ (ਸਾਮਾਨ ਦੀ ਢੋਆ ਢੁਆਈ) ਨੂੰ ਵਧਾਉਣ ਦੀ ਵੀ ਮੰਗ ਕੀਤੀ, ਤਾਂ ਕਿ ਪੰਜਾਬ ਵਿੱਚੋਂ ਨਿਰਯਾਤ ਨੂੰ ਵਧਾਇਆ ਜਾ ਸਕੇ। ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਆਬੂ ਦਾਬੀ ਅਤੇ ਦੁਬਈ ਲਈ ਸਿਰਫ਼ ਦੋ ਕੌਮਾਂਤਰੀ ਫ਼ਲਾਈਟਾਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਘਰੇਲੂ ਕੈਰੀਅਰ ਇੰਡੀਗੋ ਏਅਰ ਲਾਈਨ ਕੰਪਨੀ ਸੰਚਾਲਿਤ ਕਰ ਰਹੀ ਹੈ।
ਐਮਪੀ ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, "ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਪੰਜਾਬ ਦਾ ਹੀ ਨਹੀਂ, ਬਲਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਵੀ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਤਿੰਨੋ ਸੂਬਿਆਂ ਦੀ ਕੁੱਲ ਆਬਾਦੀ 7 ਕਰੋੜ ਹੈ, ਇੱਥੋਂ ਦੇ ਲੋਕਾਂ ਲਈ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਸਮਰੱਥਾ ਸਾਲਾਨਾ 60 ਲੱਖ ਮੁਸਾਫ਼ਰਾਂ ਦੀ ਹੈ। ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੋਂ ਸਾਲਾਨਾ 40 ਲੱਖ ਮੁਸਾਫ਼ਰ ਸਫ਼ਰ ਕਰ ਰਹੇ ਹਨ ਅਤੇ ਇਹ ਹਵਾਈ ਅੱਡਾ 20 ਲੱਖ ਹੋਰ ਨਵੀਆਂ ਸਵਾਰੀਆਂ ਦੀ ਸਮਰੱਥਾ ਰੱਖਦਾ ਹੈ। ਅੱਜ ਦੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਅਤੇ ਆਬੂ ਧਾਬੀ ਲਈ ਸਿੱਧੀਆਂ ਉਡਾਣਾਂ ਚੱਲ ਰਹੀਆਂ ਹਨ।"
ਸਵਾਰੀਆਂ ਦੀ ਸਹੂਲਤ ਲਈ ਸਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਦਿਆਂ ਐਮਪੀ ਸੰਧੂ ਨੇ ਕਿਹਾ, "ਚੰਡੀਗੜ੍ਹ ਏਅਰ ਪੋਰਟ ਤੋਂ ਲੰਡਨ, ਸਿੰਗਾਪੁਰ, ਵੈਨਕੂਵਰ ਲਈ ਨਵੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇੱਥੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਇਸ ਹਵਾਈ ਅੱਡੇ ਤੋਂ ਕੌਮਾਂਤਰੀ ਏਅਰਲਾਈਨਜ਼ ਨੂੰ ਸੰਚਾਲਿਤ ਕਰਨ ਲਈ ਚੰਡੀਗੜ੍ਹ ਏਅਰ ਪੋਰਟ ਨੂੰ 'ਪੁਆਇੰਟ ਆਫ਼ ਕਾਲ' ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।"
ਐਮਪੀ ਸੰਧੂ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਿੱਚ ਭਾਰਤ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਹਵਾਬਾਜ਼ੀ ਖੇਤਰ ਵਿੱਚ ਬੇਮਿਸਾਕ ਵਿਕਾਸ ਦੇਖਿਆ ਗਿਆ ਹੈ। ਸਾਲ 2014 ਵਿੱਚ ਦੇਸ਼ ਵਿੱਚ ਸਿਰਫ਼ 74 ਹਵਾਈ ਅੱਡੇ ਸਨ, ਅੱਜ ਇਹ ਗਿਣਤੀ ਵਧ ਕੇ 163 ਹੋ ਚੁੱਕੀ ਹੈ। ਇਸ ਵਿੱਚ ਪੰਜਾਬ ਨੂੰ ਖ਼ਾਸ ਤਰਜੀਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਪੰਜਾਬ ਕੋਲ ਦੋ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਹਨ ਅਤੇ ਚਾਰ ਘਰੇਲੂ ਹਵਾਈ ਅੱਡੇ ਆਦਮਪੁਰ, ਹਲਵਾਰਾ, ਬਠਿੰਡਾ ਅਤੇ ਪਠਾਨਕੋਟ ਵਿੱਚ ਹਨ।" ਪੰਜਾਬ ਨੂੰ ਕੇਂਦਰ ਸਰਕਾਰ ਤੋਂ ਬਹੁਤ ਕੁੱਝ ਮਿਲਿਆ ਹੈ, ਪਰ ਹਮੇਸ਼ਾ ਪੰਜਾਬੀਆਂ ਦਾ 'ਦਿਲ ਮਾਂਗੇ ਮੋਰ' ਹੀ ਹੁੰਦਾ ਹੈ। ਇਸ ਕਰਕੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਅਤੇ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ, ਸਿੰਗਾਪੁਰ ਅਤੇ ਵੈਨਕੂਵਰ ਲਈ ਫ਼ਲਾਈਟਾਂ ਸ਼ੁਰੂ ਕੀਤੀਆ ਜਾਣੀਆਂ ਚਾਹੀਦੀਆਂ ਹਨ।
ਪੰਜਾਬ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਚੰਡੀਗੜ੍ਹ ਹਵਾਈ ਅੱਡੇ ਦਾ ਉਦਘਾਟਨ ਸਤੰਬਰ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, ਦਾ 2022 ਵਿੱਚ ਕੇਂਦਰ ਸਰਕਾਰ ਨੇ ਨਾਮ ਬਦਲ ਕੇ 'ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ, ਚੰਡੀਗੜ੍ਹ' ਕਰ ਦਿੱਤਾ ਸੀ। ਇਹ ਐਲਾਨ ਸ਼ਹੀਦੇ ਆਜ਼ਮ ਭਗਤ ਸਿੰਘ ਦੀ 115ਵੀਂ ਜੈਯੰਤੀ ਮੌਕੇ ਕੀਤਾ ਗਿਆ ਸੀ।