ਡੇਰਾ ਸਿਰਸਾ ਵਲੰਟੀਅਰਾਂ ਨੇ ਜਾਨ ਤੇ ਖੇਡ ਕੇ ਬੁਝਾਈ ਗੱਦਿਆਂ ਦੇ ਗੁਦਾਮ ਨੂੰ ਲੱਗੀ ਅੱਗ
ਅਸ਼ੋਕ ਵਰਮਾ
ਸਿਰਸਾ, 23 ਜਨਵਰੀ 2026: ਵੀਰਵਾਰ ਸ਼ਾਮ ਨੂੰ ਪ੍ਰੀਤ ਨਗਰ ਗਲੀ ਨੰਬਰ 7 ਵਿੱਚ ਸਥਿਤ ਇੱਕ ਘਰ ਦੇ ਅੰਦਰ ਰਜਾਈ, ਗੱਦੇ ਅਤੇ ਸਿਰਹਾਣੇ ਰੱਖਣ ਵਾਲੇ ਗੋਦਾਮ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਨੂੰ ਜਾਨ ਤੇ ਖੇਡਕੇ ਬੁਝਾਉਣ ’ਚ ਫਾਇਰ ਟੈਂਡਰਾਂ ਦਾ ਸਹਿਯੋਗ ਕੀਤਾ ਜਿਸ ਦੇ ਸਿੱਟੇ ਵਜੋਂ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦਿਆਂ ਹੀ ਦੇਖਦਿਆਂ ਹੀ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਜਿੰਨ੍ਹਾਂ ਦੀ ਸਹਾਇਤਾ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰਾਂ ਅਤੇ ਆਂਢੀਆਂ ਗੁਆਂਢੀਆਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਰੂੰਅ ਹੋਣ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਅਤੇ ਇਹ ਸ਼ਾਮ 6 ਵਜੇ ਦੇ ਕਰੀਬ ਦੁਬਾਰਾ ਭੜਕ ਗਈ। ਡੇਰਾ ਸੱਚਾ ਸੌਦਾ ਨਾਲ ਸਬੰਧਤ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਦਰਜਨਾਂ ਵਲੰਟੀਅਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਅੱਧ ਸੜੀ ਹੋਈ ਕਪਾਹ, ਫਰਨੀਚਰ, ਭਾਂਡੇ ਅਤੇ ਹੋਰ ਸਮਾਨ ਬਾਹਰ ਕੱਢਿਆ।
ਮਹੱਤਵਪੂਰਨ ਗੱਲ ਇਹ ਹੈ ਕਿ ਵਲੰਟੀਅਰਾਂ ਨੇ ਘਰ ਦੇ ਅੰਦਰ ਰੱਖੇ ਗੈਸ ਸਿਲੰਡਰ ਨੂੰ ਵੀ ਸੁਰੱਖਿਅਤ ਢੰਗ ਨਾਲ ਹਟਾਇਆ ਜਿਸ ਨਾਲ ਧਮਾਕਾ ਹੋਣ ਦੀ ਸੂਰਤ ’ਚ ਭਾਰੀ ਤਬਾਹੀ ਮੱਚ ਸਕਦੀ ਸੀ। ਅਤੇ ਨੇੜਲੇ ਕਈ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ, ਤਾਂ ਆਲੇ ਦੁਆਲੇ ਦੇ ਘਰਾਂ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਘਰ ਦੇ ਮਾਲਕ ਹਰਬੰਸ ਨੇ ਦੱਸਿਆ ਕਿ ਉਨ੍ਹਾਂ ਦੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਇੱਕ ਔਰਤ ਵੀ ਝੁਲਸ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਘਰ ਦੇ ਮਾਲਕ ਹਰਬੰਸ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਗ ਬੁਝਾਉਣ ਵਿੱਚ ਮਦਦ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਤੁਰੰਤ ਅਤੇ ਹਿੰਮਤ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਟਲ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਵੀ ਵਲੰਟੀਅਰਾਂ ਦੀ ਬਹਾਦਰੀ, ਸਮਰਪਣ ਅਤੇ ਸਹਿਯੋਗ ਦੀ ਦਿਲੋਂ ਪ੍ਰਸ਼ੰਸਾ ਕੀਤੀ। ਇਸ ਮੌਕੇ ਡੇਰਾ ਆਗੂ ਜਸਮੇਰ ਇੰਸਾਂ ਅਤੇ ਅਮਨ ਇੰਸਾਂ ਨੇ ਕਿਹਾ ਕਿ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ ਅੱਗ ਬੁਝਾਕੇ ਇਨਸਾਨੀ ਫਰਜਰ ਨਿਭਾਇਆ ਹੈ।