ਬਿਜਲੀ ਕਰਮਚਾਰੀਆਂ ਅਤੇ ਪੈਨਸ਼ਨਰਾ ਵੱਲੋਂ ਰੂਪਨਗਰ ਵਿੱਖੇ ਮੁਜਾਹਰਾ
ਮਨਪ੍ਰੀਤ ਸਿੰਘ
ਰੂਪਨਗਰ 20 ਜਨਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬਿਜਲੀ ਕਾਮਿਆਂ ਅਤੇ ਪੈਂਨਸ਼ਨਰਾਂ ਵੱਲੋਂ ਅੱਜ ਰਣਜੀਤ ਬਾਗ ਰੂਪਨਗਰ ਵਿਖੇ ਇਕੱਤਰ ਹੋ ਕੇ ਰੋਸ ਰੈਲੀ ਕਰਨ ਉਪਰੰਤ ਭਾਰੀ ਨਾਹਰੇਬਾਜੀ ਦੌਰਾਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਆਗੂ ਹਰਮੇਸ਼ ਸਿੰਘ ਧੀਮਾਨ ਨੇ ਦੱਸਿਆ ਕਿ ਪੰਜਾਬ ਦੀ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆਂ ਦੇ ਕੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਦੀ ਸਰਕਾਰ ਵੱਲੋਂ ਉਹਨਾਂ ਗਰੰਟੀਆਂ ਨੂੰ ਪੂਰਾ ਕਰਨ ਦੀ ਬਜਾਏ ਸੱਤਾ ਸੁੱਖ ਭੋਗਿਆ ਜਾ ਰਿਹਾ ਹੈ। ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵਿੱਤੀ ਰਾਹਤ ਦੇਣ ਦੀ ਬਜਾਏ ਉਹਨਾਂ ਦਾ ਮਹਿੰਗਾਈ ਭੱਤਾ ਡੀਲਿੰਕ ਕਰ ਦਿੱਤਾ ਗਿਆ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਅਤੇ ਗੁਆਂਢੀ ਸੂਬਿਆਂ ਦੇ ਕਰਮਚਾਰੀਆਂ ਨਾਲੋਂ 16 ਪ੍ਰਤੀਸ਼ਤ ਘੱਟ ਤਨਖਾਹ ਅਤੇ ਪੈਨਸ਼ਨ ਮਿਲ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਸਮੇਂ ਆਪਣੇ ਕਰਮਚਾਰੀਆਂ ਦੇ ਕਈ ਭੱਤਿਆਂ ਦੀ ਕਟੌਤੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕਰਮਚਾਰੀ ਆਗੂਆਂ ਨਾਲ ਬਹੁਤ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਪਰੰਤੂ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦੀ ਬਜਾਏ ਸਿਰਫ ਲਾਰੇ ਬਾਜ਼ੀ ਨਾਲ ਹੀ ਸਮਾਂ ਲੰਘਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸਰਕਾਰ ਬਣੀ ਨੂੰ ਚਾਰ ਸਾਲ ਦਾ ਸਮਾਂ ਬੀਤਣ ਉਪਰੰਤ ਵੀ ਉਹ ਵਾਅਦਾ ਵਫਾ ਨਹੀਂ ਹੋਇਆ। ਮਾਨ ਸਰਕਾਰ ਤੋਂ ਪੰਜਾਬ ਦਾ ਹਰੇਕ ਵਰਗ ਦੁਖੀ ਹੈ ਅਤੇ ਆਪਣੇ ਹੱਕ ਹਾਸਲ ਕਰਨ ਲਈ ਪੰਜਾਬ ਸਰਕਾਰ ਵਿਰੁੱਧ ਧਰਨੇ ਰੈਲੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕਾਮ ਅਤੇ ਟਰਾਂਸਕੋ ਦੀ ਬੇਸ਼ਕੀਮਤੀ ਜਮੀਨ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪਿਛਲੇ 25-30 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਕਿਰਤੀਆਂ ਦੀਆਂ ਉਜਰਤਾਂ ਵਿੱਚ ਤਜਰਬੇ ਦੇ ਆਧਾਰ ਤੇ ਪੰਜਾਬ ਸਰਕਾਰ ਵੱਲੋਂ 10% ਦਾ ਵਾਧਾ ਕੀਤਾ ਗਿਆ ਹੈ ਪ੍ਰੰਤੂ ਉਹਨਾਂ ਨੂੰ ਘੱਟੋ ਘੱਟ ਉਜਰਤਾਂ ਵਿੱਚ ਕੀਤਾ ਜਾਣ ਵਾਲਾ ਵਾਧਾ ਦੇਣ ਪ੍ਰਤੀ ਪੰਜਾਬ ਸਰਕਾਰ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਕਾਰਨ ਅੱਜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਰਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਭਾਗ ਚੰਦ ਸ਼ਰਮਾ, ਰਘਬੀਰ ਸਿੰਘ ਕੰਗ, ਬਲਬੀਰ ਸਿੰਘ ਮਗਰੋੜ, ਗੁਰਦਾਸ ਸਿੰਘ ਮੀਆਂਪੁਰ, ਕੁਲਦੀਪ ਸਿੰਘ ਮਿਨਹਾਸ, ਰਾਜ ਕੁਮਾਰ ਕੋਹਲੀ, ਅਮਰਜੀਤ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਛਿੰਦਾ, ਰਾਮ ਸਿੰਘ ਝੱਜ, ਪੁਸਪਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਥਰਮਲ ਕਾਮੇ ਅਤੇ ਪੈਨਸ਼ਨਰ ਮੌਜੂਦ ਸਨ।