ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਨੂੰ ਜਨਮ ਦਿਨ ‘ਤੇ ਯਾਦ ਕੀਤਾ
ਹਰਦਮ ਮਾਨ
ਸਰੀ, 11 ਜਨਵਰੀ 2025 2026 –ਪੰਜਾਬੀ ਸਾਹਿਤ ਦੇ ਮਹਾਨ ਨਾਵਲਕਾਰ ਅਤੇ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਲੇਖਕ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਵੈਨਕੂਵਰ ਵਿਚਾਰ ਮੰਚ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਿਟਿਡ, ਸਰੀ ਵਿਖੇ ਮੀਟਿੰਗ ਕੀਤੀ ਗਈ। ਇਸ ਸਮਾਗਮ ਵਿੱਚ ਲੇਖਕਾਂ, ਕਵੀਆਂ ਅਤੇ ਵਿਚਾਰਕਾਂ ਨੇ ਗੁਰਦਿਆਲ ਸਿੰਘ ਦੀ ਰਚਨਾਤਮਕ ਯਾਤਰਾ, ਉਨ੍ਹਾਂ ਦੇ ਦਰਸ਼ਨਕ ਨਜ਼ਰੀਏ ਅਤੇ ਪੰਜਾਬੀ ਨਾਵਲ ਨੂੰ ਦਿੱਤੀ ਲੋਕਧਾਰਾ ਬਾਰੇ ਗੰਭੀਰ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਗੁਰਦਿਆਲ ਸਿੰਘ ਦੀ ਲੇਖਣੀ ਕਿਸੇ ਕਲਪਨਾ-ਲੋਕ ਦੀ ਪੈਦਾਵਾਰ ਨਹੀਂ, ਸਗੋਂ ਜ਼ਮੀਨ ਨਾਲ ਜੁੜੀ ਮਨੁੱਖੀ ਹਕੀਕਤ ਦਾ ਸੱਚਾ ਦਸਤਾਵੇਜ਼ ਹੈ। ਉਨ੍ਹਾਂ ਨੇ ਦੱਸਿਆ ਕਿ ਲਿਖਾਰੀ ਸਭਾ ਬਰਨਾਲਾ ਵਰਗੀ ਸਰਗਰਮ ਸਾਹਿਤਕ ਸੰਸਥਾ ਰਾਹੀਂ ਉਨ੍ਹਾਂ ਦੀ ਗੁਰਦਿਆਲ ਸਿੰਘ ਨਾਲ ਨੇੜਤਾ ਬਣੀ। ਗੁਰਦਿਆਲ ਸਿੰਘ ਨੇ ਆਪਣੀ ਲੇਖਣ ਯਾਤਰਾ ਦੀ ਸ਼ੁਰੂਆਤ ਬਾਲ ਸਾਹਿਤ ਦੇ ਕਾਲਮ ‘ਬਕੱਲਮਖ਼ੁਦ’ ਨਾਲ ਕੀਤੀ, ਕੁਝ ਕਵਿਤਾਵਾਂ ‘ਗੁਰਦਿਆਲ ਸਿੰਘ ਰਾਹੀ’ ਦੇ ਨਾਂ ਨਾਲ ਵੀ ਲਿਖੀਆਂ, ਪਰ ਜਦੋਂ ਉਨ੍ਹਾਂ ਦਾ ਪਲੇਠਾ ਨਾਵਲ ‘ਮੜ੍ਹੀ ਦਾ ਦੀਵਾ’ ਸਾਹਮਣੇ ਆਇਆ ਤਾਂ ਪੰਜਾਬੀ ਨਾਵਲ ਦੀ ਦਿਸ਼ਾ ਹੀ ਬਦਲ ਗਈ। ਇਸ ਰਚਨਾ ਨੇ ਪੰਜਾਬੀ ਨਾਵਲ ਨੂੰ ਨਵੇਂ ਸਮਾਜਕ ਅਰਥ, ਨਵੀਂ ਭਾਸ਼ਾ ਅਤੇ ਨਵੇਂ ਨਾਇਕ ਦਿੱਤੇ।
ਸ਼ਾਇਰ ਮੋਹਨ ਗਿੱਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿਚ ਰਾਜਸੀ ਜਾਂ ਆਦਰਸ਼ਵਾਦੀ ਨਾਇਕ ਦੀ ਥਾਂ ਆਮ ਮਨੁੱਖ ਨੂੰ ਕੇਂਦਰ ਵਿੱਚ ਲਿਆਂਦਾ। ਉਨ੍ਹਾਂ ਦੇ ਨਾਵਲਾਂ ਵਿੱਚ ਲੇਖਕ ਦੀ ਹਉਮੇ ਨਹੀਂ ਮਿਲਦੀ, ਸਗੋਂ ਪਾਤਰ ਆਪਣੀ ਅੰਦਰੂਨੀ ਟੁੱਟ-ਫੁੱਟ, ਸੰਘਰਸ਼ ਅਤੇ ਸੱਚਾਈ ਨਾਲ ਆਪ ਬੋਲਦੇ ਹਨ। ‘ਮੜ੍ਹੀ ਦਾ ਦੀਵਾ’ ਅਤੇ ‘ਅਣਹੋਏ’ ਨੂੰ ਉਨ੍ਹਾਂ ਨੇ ਸਮਾਜਕ ਚੇਤਨਾ ਦੇ ਸ਼ਾਹਕਾਰ ਦਸਤਾਵੇਜ਼ ਕਰਾਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦਿਆਲ ਸਿੰਘ ਨੇ ਠੇਠ ਮਲਵਈ ਭਾਸ਼ਾ ਨੂੰ ਸਾਹਿਤਕ ਮਰਯਾਦਾ ਦੇ ਕੇ ਲੋਕ ਬੋਲਚਾਲ ਨੂੰ ਨਾਵਲ ਦੀ ਭਾਸ਼ਾ ਬਣਾਇਆ।
ਨਾਮਵਰ ਸ਼ਾਇਰ ਜਸਵਿੰਦਰ ਨੇ ਕਿਹਾ ਕਿ ਗੁਰਦਿਆਲ ਸਿੰਘ ਦੀ ਲੇਖਣੀ ਵਿਚ ਕਲਪਨਾ ਦੀ ਚਮਕ ਨਹੀਂ, ਸਗੋਂ ਸੱਚ ਦੀ ਤਪਸ਼ ਹੈ। ਉਨ੍ਹਾਂ ਅਨੁਸਾਰ ਗੁਰਦਿਆਲ ਸਿੰਘ ਸਮਾਜ ਦੇ ਹਾਸ਼ੀਏ ’ਤੇ ਖੜੇ ਮਨੁੱਖਾਂ ਦੀ ਅਵਾਜ਼ ਬਣੇ, ਜਿੱਥੇ ਦਰਦ ਬਿਆਨ ਨਹੀਂ ਕੀਤਾ ਜਾਂਦਾ, ਸਗੋਂ ਜੀਅ ਕੇ ਲਿਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਦੀ ਰਚਨਾ ਪਾਠਕ ਨੂੰ ਸਿਰਫ਼ ਪੜ੍ਹਨ ਲਈ ਮਜਬੂਰ ਨਹੀਂ ਕਰਦੀ, ਸਗੋਂ ਆਪਣੇ ਅੰਦਰ ਝਾਕਣ ਲਈ ਵੀ ਮਜਬੂਰ ਕਰਦੀ ਹੈ।
ਇਸ ਮੌਕੇ ਤਰਲੋਚਨ ਤਰਨਤਾਰਨ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਨੂੰ ਮਨੋਰੰਜਨ ਦੀ ਹੱਦ ਤੋਂ ਬਾਹਰ ਕੱਢ ਕੇ ਸਮਾਜਕ ਜ਼ਿੰਮੇਵਾਰੀ ਨਾਲ ਜੋੜਿਆ। ਉਨ੍ਹਾਂ ਦੀ ਕਲਮ ਕਿਸਾਨ, ਮਜ਼ਦੂਰ, ਔਰਤ ਅਤੇ ਦਬੇ-ਕੁਚਲੇ ਵਰਗਾਂ ਦੀ ਸਾਂਝੀ ਸੰਵੇਦਨਾ ਬਣ ਕੇ ਉਭਰੀ। ਗੁਰਦਿਆਲ ਸਿੰਘ ਦੇ ਪਾਤਰ ਆਪਣੇ ਨਾਲ ਕਦੇ ਬੇਇਨਸਾਫੀ ਨਹੀਂ ਸਹਿਣ ਕਰਦੇ, ਆਪਣੀ ਹਾਰ, ਚੁੱਪ ਅਤੇ ਦਰਦ ਨੂੰ ਵੀ ਇਮਾਨਦਾਰੀ ਨਾਲ ਦਰਜ ਕਰਦੇ ਹਨ।
ਹਰਦਮ ਸਿੰਘ ਮਾਨ ਨੇ ਗੁਰਦਿਆਲ ਸਿੰਘ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਸਾਹਿਤਕ ਬੁੱਕਲ ਵਿੱਚ ਬੈਠਣਾ ਇਕ ਵਿਰਲਾ ਅਨੁਭਵ ਸੀ। ਉਹ ਦਰਵੇਸ਼ ਸੁਭਾਉ ਵਾਲੇ ਮਨੁੱਖ, ਗੰਭੀਰ ਚਿੰਤਕ ਅਤੇ ਸਮੇਂ ਦੀ ਨਬਜ਼ ਨੂੰ ਪਛਾਣਨ ਵਾਲੇ ਸਾਹਿਤਕਾਰ ਸਨ। ਉਨ੍ਹਾਂ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ਮਈ ਰਿਹਾ, ਜਿਸ ਨੇ ਉਨ੍ਹਾਂ ਦੀ ਲੇਖਣੀ ਨੂੰ ਹਕੀਕੀ ਰੂਪ ਦਿੱਤਾ। ਦਸ ਨਾਵਲਾਂ, ਦਸ ਕਹਾਣੀ ਸੰਗ੍ਰਿਹਾਂ, ਤਿੰਨ ਨਾਟਕਾਂ ਅਤੇ ਦਸ ਬਾਲ ਪੁਸਤਕਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਵਿਸ਼ਾਲ ਯੋਗਦਾਨ ਪਾਇਆ, ਜਿਸ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਗਿਆਨਪੀਠ ਸਮੇਤ ਅਨੇਕ ਵੱਡੇ ਸਾਹਿਤਕ ਮਾਣ ਪ੍ਰਾਪਤ ਹੋਏ।
ਅੰਗਰੇਜ਼ ਬਰਾੜ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਬਰਜਿੰਦਰਾ ਕਾਲਜ, ਫਰੀਦਕੋਟ ਵਿੱਚ ਵਿਦਿਆਰਥੀ ਜੀਵਨ ਦੌਰਾਨ ਗੁਰਦਿਆਲ ਸਿੰਘ ਨੂੰ ਅਧਿਆਪਕ ਵਜੋਂ ਦੇਖਣਾ ਆਮ ਗੱਲ ਲੱਗਦੀ ਸੀ, ਪਰ ਸਮੇਂ ਨੇ ਸਾਬਤ ਕਰ ਦਿੱਤਾ ਕਿ ਉਹ ਆਪਣੇ ਯੁੱਗ ਦੇ ਸਭ ਤੋਂ ਵੱਡੇ ਸਾਹਿਤਕਾਰਾਂ ਵਿੱਚੋਂ ਇਕ ਸਨ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਪੈੜਾਂ ਛੱਡੀਆਂ ਹਨ ਜੋ ਸਮੇਂ ਨਾਲ ਹੋਰ ਗਹਿਰੀਆਂ ਹੁੰਦੀਆਂ ਜਾਣਗੀਆਂ।