ਸਿਵਲ ਸਰਜਨ ਨੇ ਜ਼ਿਲ੍ਹਾ ਪੱਧਰੀ ਸਿਹਤ ਸਫ਼ਾਈ ਅਤੇ ਜਾਗਰੂਕਤਾ ਸਮਾਗਮ ਵਿੱਚ ਸ਼ਿਰਕਤ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ 7 ਜਨਵਰੀ 2026- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਸਿਹਤ ਸਫ਼ਾਈ ਅਤੇ ਜਾਗਰੂਕਤਾ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਪ੍ਰਭਾਕਰ ਨੇ ਕਿਹਾ ਕਿ ਗੰਦੇ ਵਾਤਾਵਰਨ ਕਾਰਨ ਬੀਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਬੀਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਵਾਤਾਵਰਨ ਨੂੰ ਸਾਫ਼ ਰੱਖਿਆ ਜਾਵੇ। ਆਲੇ ਦੁਆਲੇ ਦੇ ਨਾਲ ਹੀ ਸਰੀਰਕ ਸਫਾਈ ਵੀ ਰੱਖੀ ਜਾਵੇ। ਹਮੇਸ਼ਾ ਕੁਦਰਤੀ ਖੁਰਾਕ ਦਾ ਹੀ ਸੇਵਨ ਕੀਤਾ ਜਾਵੇ। ਗੈਰ ਕੁਦਰਤੀ ਖੁਰਾਕ ਸਾਨੂੰ ਬੀਮਾਰ ਬਣਾਉਂਦੀ ਹੈ। ਹਮੇਸ਼ਾ ਮੌਸਮ ਦੇ ਅਨੁਸਾਰ ਹੀ ਖਾਣ ਪੀਣ ਰੱਖਿਆ ਜਾਵੇ।
ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਠੰਡ ਵਿੱਚ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਵਿੱਚ ਰੱਖਿਆ ਜਾਵੇ। ਪੌਸ਼ਟਿਕ ਭੋਜਨ ਖਾਧਾ ਜਾਵੇ। ਤਰਲ ਪਦਾਰਥ ਲੋੜੀਂਦੀ ਮਾਤਰਾ ਵਿੱਚ ਲਏ ਜਾਣ। ਜ਼ਿਆਦਾ ਕੈਫੀਨ ਵਾਲੇ ਪਦਾਰਥ ਨਾ ਲਏ ਜਾਣ। ਸ਼ਰਾਬ ਅਤੇ ਨਸ਼ੇ ਤੋਂ ਪਰਹੇਜ਼ ਕੀਤਾ ਜਾਵੇ। ਜ਼ਿਆਦਾ ਤੰਗ ਕੱਪੜੇ ਨਾ ਪਾਏ ਜਾਣ, ਕਿਉਂਕਿ ਇਸ ਨਾਲ ਖੂਨ ਦਾ ਦੌਰਾ ਰੁੱਕਦਾ ਹੈ। ਸਰੀਰ ਨੂੰ ਨਿੱਘਾ ਰੱਖਣ ਲਈ ਪਰਤਾਂ ਵਿੱਚ ਜ਼ਿਆਦਾ ਕੱਪੜੇ ਪਾਏ ਜਾਣ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਨੇ ਕਿਹਾ ਕਿ ਲੋਕਾਂ ਖਾਸ ਕਰ ਮਹਿਲਾਵਾਂ ਨੂੰ ਚੰਗੀ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।