ਦੋ ਘੰਟੇ ਲਈ ਘਰੋਂ ਬਾਹਰ ਗਏ ਤਾਂ....ਚੋਰਾਂ ਨੇ ਦਿਨ ਦਿਹਾੜੇ ਕਰ 'ਤਾ ਹੱਥ ਸਾਫ
ਕੰਧ ਟੱਪ ਕੇ ਆਏ ਤੇ 14 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਤੇ 40 ਹਜ਼ਾਰ ਦੀ ਨਕਦੀ ਲੈ ਕੇ ਹੋਏ ਫ਼ਰਾਰ
ਰੋਹਿਤ ਗੁਪਤਾ
ਗੁਰਦਾਸਪੁਰ 7 ਜਨਵਰੀ 2026- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੇ ਦਿਨ ਸ਼ਹਿਰ ਦੇ ਇੱਕ ਸੁਨਿਆਰੇ ਦੇ ਘਰ ਹੋਈ ਵੱਡੀ ਚੋਰੀ ਤੋਂ ਬਾਅਦ ਪੰਡੋਰੀ ਰੋਡ 'ਤੇ ਸਥਿਤ ਨਜ਼ਦੀਕੀ ਪਿੰਡ ਕ੍ਰਿਸ਼ਨਾ ਨਗਰ ਵਿਖੇ ਚੋਰਾਂ ਨੇ ਦਿਨ ਦਿਹਾੜੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿੱਥੋਂ ਚੋਰ ਇੱਕ ਘਰ ਦੀ ਕੰਧ ਟੱਪ ਕੇ ਅੰਦਰ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਦੇ ਲਾੱਕਰ ਤੋੜ ਕੇ 14 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ ਸਾਢੇ 36 ਹਜ਼ਾਰ ਦੀ ਨਗਦੀ ਚੋਰੀ ਕਰਕੇ ਲੈ ਗਏ ਹਨ। ਘਰ ਦਾ ਮਾਲਕ ਨਜ਼ਦੀਕ ਹੀ ਪਿੰਡ ਗਾਜੀਕੋਟ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਜਦਕਿ ਬੱਚੇ ਛੁੱਟੀਆਂ ਕੱਟਣ ਬਾਹਰ ਗਏ ਹੋਏ ਸਨ ਅਤੇ ਉਸਦੀ ਪਤਨੀ ਥੋੜ੍ਹੀ ਦੇਰ ਲਈ ਘਰ ਨੂੰ ਤਾਲੇ ਲਗਾ ਕੇ ਦੁਕਾਨ 'ਤੇ ਗਈ ਸੀ।
ਕਰੀਬ ਦੋ ਘੰਟੇ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਸੀ। ਘਰ ਦੇ ਤਾਲੇ ਵੀ ਬੰਦ ਸੀ ਪਰ ਜਦੋਂ ਉਸਨੇ ਕਿਸੇ ਕੰਮ ਲਈ ਪੈਸੇ ਲੈਣ ਲਈ ਕਮਰੇ ਦੀ ਅਲਮਾਰੀ ਖੋਲ੍ਹੀ ਤਾਂ ਹੱਕੀ ਬੱਕੀ ਰਹਿ ਗਈ ਕਿਉਂਕਿ ਅਲਮਾਰੀ ਤਾਂ ਬਾਹਰੋਂ ਪਹਿਲਾਂ ਦੀ ਤਰ੍ਹਾਂ ਬੰਦ ਸੀ ਪਰ ਉਸ ਦੇ ਅੰਦਰ ਦਾ ਲਾੱਕਰ ਟੁੱਟਾ ਹੋਇਆ ਸੀ ਅਤੇ ਸਾਰੇ ਪੈਸੇ ਅਤੇ ਗਹਿਣੇ ਗਾਇਬ ਸਨ। ਉਸਨੇ ਦੂਜੇ ਕਮਰੇ ਵਿੱਚ ਲੱਗੀ ਗੋਦਰੇਜ ਦੀ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸਦੇ ਵੀ ਲੋਕਰ ਟੁੱਟੇ ਹੋਏ ਸਨ ਅਤੇ ਉਸਦੇ ਅੰਦਰੋਂ ਵੀ ਚੋਰਾਂ ਵੱਲੋਂ ਗਹਿਣੇ ਉਡਾ ਲਏ ਗਏ ਸਨ।
ਘਰ ਵਾਲਿਆਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਘਰ ਦੇ ਪਿੱਛੇ ਖਾਲੀ ਪਏ ਪਲਾਟ ਰਾਹੀਂ ਜਾਂ ਫਿਰ ਘਰ ਦੇ ਨਾਲ ਲੱਗਦੇ ਇੱਕ ਧਾਰਮਿਕ ਸਥਾਨ ਦੀ ਕੰਧ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਸਨ ਅਤੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।