ਗੁਰਦਾਸਪੁਰ : ਪਿੰਡ ਵਿੱਚ ਕੂੜਾ ਡੰਪ ਸਾਈਟ ਬਣਾਉਣ ਦੇ ਵਿਰੋਧ 'ਚ ਉਤਰੇ ਪਿੰਡ ਵਾਸੀ- DC ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ, ਗੁਰਦਾਸਪੁਰ
ਪਿੰਡ ਗੋਹਤ ਪੋਕਰ ਵਿੱਚ ਪ੍ਰਸਤਾਵਿਤ ਬਾਇੳਰੀਮੀਡੀਏਸ਼ਨ ਪਲਾਟ ਅਤੇ ਕੂੜਾ ਡੰਪ ਸਾਈਟ ਦੇ ਵਿਰੋਧ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਹਨ । ਇਕੱਠੇ ਹੋਏ ਪਿੰਡ ਵਾਸੀਆਂ ਜਿਨਾਂ ਵਿੱਚ ਸਾਬਕਾ ਪੰਚਾਇਤ ਦੇ ਮੈਂਬਰ ਅਤੇ ਮੌਜੂਦਾ ਪੰਚਾਇਤ ਦੇ ਮੈਂਬਰਾਂ ਸਮੇਤ ਕਿਸਾਨ ਆਗੂ ਵੀ ਮੌਜੂਦ ਸਨ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਤੇ ਪਿੰਡ ਵਿੱਚ ਕੂੜਾ ਡੰਪ ਨਾ ਬਣਾਉਣ ਦੀ ਅਪੀਲ ਕੀਤੀ ।
ਕਿਸਾਨ ਆਗੂ ਸੁਖਜਿੰਦਰ ਸਿੰਘ ਗੋਹਤ ਪੋਕਰ ਨੇ ਦੱਸਿਆ ਕਿ ਪਿੰਡ ਦੀ ਸੱਤ ਕਿੱਲੇ ਜਮੀਨ ਵਿੱਚ ਬਾਇੳਰੀਮੀਡੀਏਸ਼ਨ ਪਲਾਟ ਅਤੇ ਕੂੜਾ ਡੰਪ ਸਾਈਟ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸਦੇ ਤਹਿਤ ਸ਼ਹਿਰ ਗੁਰਦਾਸਪੁਰ ਅਤੇ ਦੀਨਾ ਨਗਰ ਦਾ ਕੂੜਾ ਵੀ ਇੱਥੇ ਆਏਗਾ ਤੇ ਇੱਥੇ ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਜਦਕਿ ਇਹ ਇੱਕ ਰਿਆਇਸ਼ੀ ਇਲਾਕਾ ਹੈ , ਜਿਸ ਦੇ ਆਲੇ ਦੁਆਲੇ ਕਾਫੀ ਲੋਕ ਰਹਿੰਦੇ ਹਨ ।
ਜਿਸ ਜਗ੍ਹਾ ਤੇ ਇਹ ਸਾਈਟ ਬਣਾਉਣ ਦੀ ਗੱਲ ਚੱਲ ਰਹੀ ਹੈ ਉੱਥੇ ਨੇੜੇ ਹੀ ਇੱਕ ਖੇਡ ਮੈਦਾਨ ਵੀ ਹੈ ਜਿੱਥੇ ਸੁਰੱਖਿਆ ਬਲਾਂ, ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਦੌੜ ਵੀ ਲਗਾਉਂਦੇ ਹਨ । ਉਹਨਾਂ ਕਿਹਾ ਕਿ ਕੂੜਾ ਡੰਪ ਸਾਈਡ ਬਣਨ ਨਾਲ ਨੇੜੇ ਤੇੜੇ ਦੇ ਇਲਾਕਿਆਂ ਅਤੇ ਪਿੰਡਾਂ ਵਿੱਚ ਰਹਿਣ ਵਾਲਿਆਂ ਤੇ ਵੀ ਇਸ ਦਾ ਅਸਰ ਹੋਵੇਗਾ । ਇਸ ਲਈ ਉਹ ਇਸਦਾ ਪੁਰਜੋਰ ਵਿਰੋਧ ਕਰਦੇ ਹਨ ਅਤੇ ਪਿੰਡ ਵਿੱਚ ਇਹ ਡੰਪ ਨਹੀਂ ਬਣਨ ਦੇਣਗੇ ।