ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਐਚਐਮਈਐਲ ਨੇ ਸ਼ੁਰੂ ਕੀਤੇ ਦੋ ਅਧੁਨਿਕ ਜਿਮ
ਅਸ਼ੋਕ ਵਰਮਾ
ਬਠਿੰਡਾ, 1 ਦਿਸੰਬਰ 2025 : ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਦੇ ਹੋਏ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਸ਼ੁਰੂ ਕੀਤੀ ਫਿਟਨੈੱਸ ਮੁਹਿੰਮ ਅੱਜ ਇੱਕ ਹੋਰ ਮਹੱਤਵਪੂਰਨ ਮੰਜ਼ਿਲ 'ਤੇ ਪਹੁੰਚ ਗਈ। ਐਚਐਮਈਐਲ ਨੇ ਅੱਜ ਪਿੰਡ ਬਹਿਮਾਨ ਜੱਸਾ ਸਿੰਘ ਅਤੇ ਪਿੰਡ ਬਹਿਮਾਨ ਕੌਰ ਸਿੰਘ ਵਿੱਚ ਦੋ ਨਵਾਂ ਆਧੁਨਿਕ ਜਿਮ ਦਾ ਉਦਘਾਟਨ ਕੀਤਾ। ਇਹ ਨੌਜਵਾਨਾਂ ਦੀ ਤੰਦਰੁਸਤੀ ਅਤੇ ਸਸ਼ਕਤੀਕਰਨ ਵੱਲ ਇੱਕ ਵੱਡੀ ਸਫਲਤਾ ਸਾਬਤ ਹੋਵੇਗੀ। ਪਿੰਡ ਬਹਿਮਾਨ ਜੱਸਾ ਸਿੰਘ ਦੇ ਸਰਪੰਚ ਗੁਰਦੀਪ ਸਿੰਘ ਨੇ ਐਚਐਮਈਐਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਜਿਮ ਨਾਲ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਿੱਚ ਅਤੇ ਫੌਜ ਤੇ ਪੁਲਿਸ ਭਰਤੀ ਦੀ ਤਿਆਰੀ ਲਈ ਸਹੀ ਦਿਸ਼ਾ ਦੇਣ ਵਿੱਚ ਵੱਡੀ ਮਦਦ ਮਿਲੇਗੀ। ਉਹਨਾਂ ਕਿਹਾ ਕਿ ਨੌਜਵਾਨਾਂ ਵਿੱਚ ਫਿਟਨੈੱਸ ਲਈ ਜਜ਼ਬਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਕਦਮ ਪਿੰਡ ਦੇ ਸਮਾਜਕ ਮਾਹੌਲ ਵਿੱਚ ਸਕਾਰਾਤਮਕ ਬਦਲਾਅ ਲਿਆ ਰਿਹਾ ਹੈ।
ਇਸ ਤੋਂ ਬਾਅਦ ਬਹਿਮਾਨ ਕੌਰ ਸਿੰਘ ਪਿੰਡ ਵਿੱਚ ਦੂਜਾ ਉਦਘਾਟਨ ਕਰਵਾਇਆ ਗਿਆ। ਇਸ ਸਮਾਗਮ 'ਚ CSR ਦੇ ਡੀਜੀਐਮ ਸ਼੍ਰੀ ਵਿਸ਼ਵ ਮੋਹਨ ਪ੍ਰਸਾਦ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਉਹਨਾਂ ਕਿਹਾ ਕਿ ਐਚਐਮਈਐਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਫਿਟਨੈੱਸ, ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਨਾਲ ਜੋੜਨਾ ਹੈ। ਉਹਨਾਂ ਕਿਹਾ, ਹੁਣ ਤੱਕ ਐਚਐਮਈਐਲ ਨੇ ਆਲੇ ਦੁਆਲੇ ਦੇ 30 ਪਿੰਡਾਂ ਵਿੱਚ ਆਧੁਨਿਕ ਜਿਮ ਸਥਾਪਿਤ ਕੀਤੇ ਹਨ, ਅਤੇ ਇਨ੍ਹਾਂ ਨਾਲ ਪਿੰਡਾਂ ਦੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਸਪੱਸ਼ਟ ਤੌਰ 'ਤੇ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ।”
ਇਸ ਮੌਕੇ 'ਤੇ ਪਿੰਡ ਦੇ ਸਰਪੰਚ ਵਜ਼ੀਰ ਸਿੰਘ ਨੇ ਵੀ ਐਚਐਮਈਐਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿਮ ਨੇ ਨੌਜਵਾਨਾਂ ਵਿੱਚ ਨਵੀਂ ਉਰਜਾ ਅਤੇ ਨਵੀਂ ਦਿਸ਼ਾ ਜਨਮ ਦਿੱਤੀ ਹੈ। ਉਹਨਾਂ ਕਿਹਾ ਕਿ ਕਈ ਨੌਜਵਾਨ ਹੁਣ ਫੌਜ ਅਤੇ ਪੁਲਿਸ ਭਰਤੀ ਦੀ ਤਿਆਰੀ ਲਈ ਨਿਯਮਿਤ ਤੌਰ 'ਤੇ ਕਸਰਤ ਕਰ ਰਹੇ ਹਨ।ਐਚਐਮਈਐਲ ਦੀ ਇਹ ਫਿਟਨੈੱਸ ਮੁਹਿੰਮ ਪਿਛਲੇ ਕੁਝ ਸਾਲਾਂ ਵਿੱਚ ਪਿੰਡਾਂ ਵਿੱਚ ਸਮਾਜਕ ਬਦਲਾਅ ਦਾ ਕੇਂਦਰ ਬਣ ਚੁੱਕੀ ਹੈ। ਜਿਥੇ ਪਹਿਲਾਂ ਕਈ ਪਿੰਡਾਂ ਦੇ ਨੌਜਵਾਨਾਂ ਨੂੰ ਕਸਰਤ ਲਈ ਕਲਾਂਵਾਲੀ ਵਰਗੇ ਦੂਰਲੇ ਕਸਬਿਆਂ ਵਿੱਚ ਜਾਣਾ ਪੈਂਦਾ ਸੀ, ਉੱਥੇ ਹੁਣ ਆਪਣੀ ਹੀ ਪਿੰਡ ਦੀ ਆਧੁਨਿਕ ਜਿਮ ਦੀ ਸੁਵਿਧਾ ਪ੍ਰਾਪਤ ਹੈ।