HMEL ਨੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨਾਲ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 10 ਮਾਰਚ 2026 : ਮਹਿਲਾਵਾਂ ਨੂੰ ਆਤਮਨਿਰਭਰ ਅਤੇ ਸਸ਼ਕਤ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਜਿਸ ਵਿੱਚ ਤਕਰੀਬਨ 1 ਹਜ਼ਾਰ ਔਰਤਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਗਿਆ। ਇਸ ਮੌਕੇ ਆਪਣੀ ਮਿਹਨਤ ਅਤੇ ਲਗਨ ਨਾਲ ਸਮਾਜ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੀਆਂ ਸਫਲ ਮਹਿਲਾਵਾਂ ਨੇ ਆਪਣੇ ਪ੍ਰੇਰਣਾਦਾਇਕ ਤਜਰਬੇ ਸਾਂਝੇ ਕਰਕੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ।ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੀ ਥੀਮ “Give to Gain” ਦੇ ਆਧਾਰ ‘ਤੇ ਕੀਤੇ ਗਏ ਇਸ ਉਪਰਾਲੇ ਦਾ ਉਦੇਸ਼ ਮਹਿਲਾਵਾਂ ਦਾ ਸਨਮਾਨ ਕਰਨਾ, ਉਨ੍ਹਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਲਈ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਆਤਮਨਿਰਭਰਤਾ ਵੱਲ ਪ੍ਰੇਰਿਤ ਕਰਨਾ ਸੀ। ਇਸ ਮੌਕੇ ‘ਤੇ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ ਦੇ ਸੀਨੀਅਰ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਵੀ ਖਾਸ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਵਿੱਚ ਸ਼ਾਨਦਾਰ ਕੰਮ ਕਰਕੇ ਸਮਾਜ ਲਈ ਪ੍ਰੇਰਣਾ ਬਣੀਆਂ ਮਹਿਲਾਵਾਂ ਦਾ ਸਨਮਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।ਪੰਜਾਬ ਰਾਜ ਰੂਰਲ ਆਜੀਵਿਕਾ ਮਿਸ਼ਨ ਦੇ ਅਧਿਕਾਰੀਆਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ ਐਚਐਮਈਐਲ ਵੱਲੋਂ ਸਵੈ ਸਹਾਇਤਾ ਸਮੂਹਾਂ ਦੇ ਮਾਧਿਅਮ ਨਾਲ ਕੀਤੇ ਜਾ ਰਹੇ ਸਮੁਦਾਇਕ ਵਿਕਾਸ ਦੇ ਯਤਨਾਂ ਦੀ ਸਰਾਹਨਾ ਕੀਤੀ।
ਸਮਾਗਮ ਦੀ ਸ਼ੁਰੂਆਤ ਤੋਂ ਅੰਤ ਤੱਕ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦੀ ਭਾਗੀਦਾਰੀ ਬਹੁਤ ਹੀ ਉਤਸ਼ਾਹਜਨਕ ਰਹੀ। ਇਸ ਦੌਰਾਨ ਮਹਿਲਾਵਾਂ ਲਈ ਮਨੋਰੰਜਨ ਅਤੇ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਉਨ੍ਹਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਵੱਲੋਂ ਲੋਕ ਗੀਤ ਅਤੇ ਪੰਜਾਬੀ ਲੋਕ ਨਾਚ ‘ਗਿੱਧਾ’ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮੂਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜੋ ਮਹਿਲਾਵਾਂ ਦੀ ਆਤਮਨਿਰਭਰਤਾ ਅਤੇ ਹੁਨਰ ਨੂੰ ਦਰਸਾਉਂਦੀ ਹੋਈ ਸਭ ਲਈ ਆਕਰਸ਼ਣ ਦਾ ਕੇਂਦਰ ਬਣੀ।
ਇਸ ਮੌਕੇ ‘ਤੇ ਇੱਕ ਪ੍ਰੇਰਣਾਦਾਇਕ ਆਡੀਓ-ਵਿਜ਼ੂਅਲ ਵੀ ਦਿਖਾਇਆ ਗਿਆ, ਜਿਸ ਵਿੱਚ ਐਚਐਮਈਐਲ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਦੇ 59 ਪਿੰਡਾਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਨ੍ਹਾਂ ਨਾਲ ਆਏ ਸਕਾਰਾਤਮਕ ਸਮਾਜਿਕ ਬਦਲਾਵਾਂ ਨੂੰ ਦਰਸਾਇਆ ਗਿਆ।
ਇਸ ਦੌਰਾਨ ਐਚਐਮਈਐਲ ਦੇ ਡੀਜੀਐਮ (ਸੀਐਸਆਰ) ਸ਼੍ਰੀ ਵਿਸ਼ਵਮੋਹਨ ਪ੍ਰਸਾਦ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਹੋਰ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਦੌਰਾਨ ਸਵੈ ਸਹਾਇਤਾ ਸਮੂਹਾਂ ਦੀਆਂ ਸਸ਼ਕਤ ਮਹਿਲਾਵਾਂ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਉਹ ਐਚਐਮਈਐਲ ਨਾਲ ਜੁੜ ਕੇ ਆਤਮਨਿਰਭਰਤਾ ਵੱਲ ਵਧੀਆਂ। ਅੱਜ ਉਹ “ਲਖਪਤੀ ਦੀਦੀ” ਬਣ ਕੇ ਰਾਸ਼ਟਰੀ ਪੱਧਰ ਤੱਕ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀਆਂ ਹਨ ਅਤੇ ਆਪਣੇ ਪਰਿਵਾਰ, ਪਿੰਡ ਅਤੇ ਸਮਾਜ ਵਿੱਚ ਇੱਕ ਨਵੀਂ ਪਛਾਣ ਕਾਇਮ ਕਰ ਰਹੀਆਂ ਹਨ।
Click to Follow Babushahi Facebook page →