ਸਿਹਤ ਵਿਭਾਗ ਨੇ ਸਰਦ ਰੁੱਤ ਦੌਰਾਨ ਜਨਮੇ ਬੱਚਿਆਂ ਦੀ ਦੇਖਭਾਲ ਸਬੰਧੀ ਜਾਗਰੂਕਤਾ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2025 : ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਦੀ ਅਗਵਾਈ ਹੇਠ
ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਵ-ਜੰਮੇ ਬੱਚਿਆਂ ਦੀ ਸਿਹਤ ਅਤੇ ਦੇਖਭਾਲ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਨੂੰ ਠੰਡ ਤੋਂ ਬਚਾਉਣ, ਸਹੀ ਖੁਰਾਕ ਅਤੇ ਸਿਹਤ ਸਬੰਧੀ ਜ਼ਰੂਰੀ ਨੁਕਤਿਆਂ ਬਾਰੇ ਜਾਣੂ ਕਰਵਾਉਣਾ ਸੀ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਅੰਕੁਸ਼ ਨੇ ਕਿਹਾ ਕਿ ਮਾਪਿਆਂ ਦੀ ਸੂਝ-ਬੂਝ ਅਤੇ ਸਹੀ ਦੇਖਭਾਲ ਨਾਲ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਨਵ-ਜੰਮੇ ਬੱਚਿਆਂ ਨੂੰ ਠੰਡ, ਨਿਮੋਨੀਆ, ਖੰਘ-ਜ਼ੁਕਾਮ ਅਤੇ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਬੱਚਿਆਂ ਨੂੰ ਗਰਮ ਰੱਖਣਾ, ਸਾਫ-ਸੁਥਰੇ ਕੱਪੜੇ ਪਹਿਨਾਉਣਾ ਅਤੇ ਵਾਰ-ਵਾਰ ਹੱਥ ਧੋ ਕੇ ਹੀ ਬੱਚੇ ਨੂੰ ਛੂਹਣਾ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਬੱਚੇ ਨੂੰ ਸਿੱਧੇ ਠੰਡੇ ਮੌਸਮ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਦੇ ਸਿਰ, ਕੰਨ, ਪੈਰ ਅਤੇ ਛਾਤੀ ਨੂੰ ਢੱਕ ਕੇ ਰੱਖਿਆ ਜਾਵੇ। ਧੂੰਏਂ, ਧੂੜ ਅਤੇ ਭੀੜ ਵਾਲੀਆਂ ਥਾਵਾਂ ਤੋਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਨੇ ਕਿਹਾ ਕਿ ਨਵ-ਬੱਚੇ ਦੇ ਕਮਰੇ ਦਾ ਤਾਪਮਾਨ ਸਧਾਰਨ ਅਤੇ ਗਰਮ ਹੋਣਾ ਚਾਹੀਦਾ ਹੈ ਪਰ ਨਾਲ ਹੀ ਕਮਰੇ ਦੀ ਵੈਂਟੀਲੇਸ਼ਨ ਵੀ ਜ਼ਰੂਰੀ ਹੈ। ਕਮਰੇ ਅੰਦਰ ਅੰਗੀਠੀ ਆਦਿ ਨਹੀਂ ਬਾਲਣੀ ਚਾਹੀਦੀ। ਬੱਚੇ ਨੂੰ ਖੰਘ, ਸਾਹ ਚੜ੍ਹਣ ਜਾਂ ਬੁਖਾਰ ਹੋਣ ਜਿਹੇ ਲੱਛਣ ਹੋਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਹੀ ਬੱਚੇ ਲਈ ਸੰਪੂਰਨ ਆਹਾਰ ਹੈ, ਜਨਮ ਤੋਂ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸਿਹਤ ਸਬੰਧੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਮੇਂ-ਸਮੇਂ ’ਤੇ ਸਿਹਤ ਕੇਂਦਰ ਨਾਲ ਸਲਾਹ ਲਈ ਜਾਵੇ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਗਰਭਵਤੀ ਮਹਿਲਾਵਾਂ, ਮਾਵਾਂ ਅਤੇ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ।