ਨਸ਼ਿਆਂ ਖਿਲਾਫ਼ ਬਠਿੰਡਾ 'ਚ ਵੱਡੀ ਪਹਿਲ, ਜੱਚਾ-ਬੱਚਾ ਹਸਪਤਾਲ 'ਚ ਸਟਾਫ਼ ਤੇ ਲੋਕਾਂ ਨੇ ਚੁੱਕੀ ਨਸ਼ਾ ਨਾ ਕਰਨ ਦੀ ਸਹੁੰ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2025 : ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰੀਤਮਨਿੰਦਰ ਦੀ ਅਗਵਾਈ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਦੇ 5 ਸਾਲ ਪੂਰੇ ਹੋਣ ਦੇ ਸਬੰਧ ਜੱਚਾ ਬੱਚਾ ਹਸਪਤਾਲ ਵਿਖੇ ਨਸ਼ੇ ਦਾ ਸੇਵਨ ਨਾ ਕਰਨ ਦੇ ਸਬੰਧ ਵਿੱਚ ਸਹੁੰ ਚੁਕਵਾਈ ਗਈ । ਇਸ ਸਮੇਂ ਜਾਣਕਾਰੀ ਦਿੰਦਿਆਂ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਸਹੁੰ ਚਕਵਾਉਣ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਨਸ਼ੇ ਦੇ ਨੁਕਸਾਨ ਦੱਸ ਕੇ ਨਸ਼ੇ ਤੋਂ ਬਚਣ ਲਈ ਜਾਗਰੂਕ ਕਰਨਾ ਹੈ ਅਤੇ ਜ਼ੋ ਲੋਕ ਨਸ਼ੇ ਆਦਿ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਤੋਂ ਇਲਾਵਾ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਾ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਅਸੀਂ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ , ਸ਼ੂਗਰ, ਦਿਮਾਗੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਆਦਿ ਤੋਂ ਬਚਾਅ ਸਕੀਏ। ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰੀਤਮਨਿੰਦਰ ਨੇ ਦੱਸਿਆ ਕਿ ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ਵਿੱਚ ਉਨਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਰਕਾਰ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ । ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਿਲ੍ਹਾ ਬਠਿੰਡਾ ਵਿੱਚ ,ਕਈ ਓਟ ਸੈਂਟਰ, ਇੱਕ ਡੀ ਅਡਿਕਸ਼ਨ ਸੈਂਟਰ ਅਤੇ ਇੱਕ ਰੀਹੈਬਲੀਟੇਸ਼ਨ ਸੈਂਟਰ ਚਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਓਟ ਸੈਂਟਰਾਂ ਤੇ ਹਰ ਰੋਜ਼ ਨਸ਼ੇ ਦੇ ਆਦੀ ਲੋਕ ਨਸ਼ਾ ਛੱਡਣ ਅਤੇ ਨਿਯਮਿਤ ਤੌਰ ਤੇ ਆਪਣੇ ਇਲਾਜ ਲਈ ਆ ਰਹੇ ਹਨ। ਇਨ੍ਹਾਂ ਨਸ਼ਾ ਪੀੜਤਾਂ ਦਾ ਇਨ੍ਹਾਂ ਸੈਂਟਰਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਸਰਕਾਰ ਵੱਲੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ, ਕਾਊਸਲਰ, ਸ਼ੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਭਰਤੀ ਕੀਤਾ ਗਿਆ ਹੈ। ਉਹਨਾਂ ਹਾਜਰੀਨ ਨੂੰ ਨਸ਼ੇ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਾ ਕਰਨ, ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਰਿਸ਼ਤੇਦਾਰ ਅਤੇ ਮਿੱਤਰ ਜੋ ਕਿਸੀ ਵੀ ਰੂਪ ਨਸ਼ੇ ਦੀ ਵਰਤੋਂ ਕਰਦਾ ਹੈ, ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਇਹ ਆਦਤ ਨੂੰ ਛੁਡਵਾਉਣ ਵਿੱਚ ਮੱਦਦ ਕਰਨ ਦੀ ਕਿਹਾ ਗਿਆ । ਉਹਨਾਂ ਸਰਕਾਰ ਵੱਲੋਂ ਚਲਾਈ ਨਸ਼ੇ ਵਿਰੁੱਧ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਵੀ ਕਿਹਾ। ਇਸ ਮੌਕੇ ਕੌਸ਼ਲਰ ਚਰਨਪਾਲ ਕੌਰ ,ਮਨਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਬਲਤੇਜ ਸਿੰਘ ਹਾਜਰ ਸਨ ।