ਹੜ੍ਹਾਂ ਦੀ ਮਾਰ ਤੋਂ ਬਾਅਦ ਝੋਨੇ 'ਤੇ ਨਵੇਂ ਵਾਇਰਸ ਦਾ ਹਮਲਾ, ਕਿਸਾਨ ਪ੍ਰੇਸ਼ਾਨ! ਖੁੱਡੀਆਂ ਨੇ ਕਿਹਾ- ਲਵਾਂਗੇ ਜਾਇਜ਼ਾ (ਵੇਖੋ ਵੀਡੀਓ)
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 15 ਸਤੰਬਰ 2025- ਇੱਕ ਪਾਸੇ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਨੂੰ ਨਵਾਂ ਵਾਇਰਸ ਚਿੰਬੜ ਗਿਆ ਹੈ। ਇਸ ਵਾਇਰਸ ਸਬੰਧੀ ਜਦੋਂ ਬਾਬੂਸ਼ਾਹੀ ਟੀਮ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜਲਦ ਹੀ ਜਾਇਜ਼ਾ ਲਿਆ ਜਾਵੇਗਾ ਅਤੇ ਕਿਸਾਨਾਂ ਦੀ ਫ਼ਸਲ ਦੀ ਪੂਰੀ ਤਰ੍ਹਾਂ ਨਾਲ ਚੈੱਕ ਕੀਤੀ ਜਾਵੇਗੀ ਅਤੇ ਸਰਕਾਰ ਤਰਫ਼ੋਂ ਜੋ ਵੀ ਕਾਰਵਾਈ ਬਣਦੀ ਹੋਈ, ਉਹ ਕੀਤੀ ਜਾਵੇਗੀ।
ਕਿਸਾਨ ਜਥੇਬੰਦੀ ਸਿੱਧੂਪੁਰ ਦੇ ਆਗੂਆਂ ਨੇ ਦੱਸਿਆ ਕਿ ਝੋਨੇ ਦੇ ਕਈ ਬੀਜਾਂ ਵਿੱਚ ਮਧਰੇਪਣ ਦੇ ਵਾਇਰਸ ਨੇ ਕਿਸਾਨਾਂ ਦੇ ਸੁਪਨੇ ਤੋੜ ਦਿੱਤੇ ਹਨ। ਝੋਨੇ ਦੀਆਂ ਕਈ ਕਿਸਮਾਂ ਨਵੇਂ ਵਾਇਰਸ ਦੀ ਲਪੇਟ ਵਿੱਚ ਆ ਗਈਆਂ ਹਨ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਆਗੂਆਂ ਅਨੁਸਾਰ, ਮਧਰੇ ਰਹਿ ਗਏ ਝੋਨੇ ਦੇ ਬੂਟਿਆਂ ਕਾਰਨ ਝੋਨਾ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ ਅਤੇ ਅਤੇ ਇਸ ਨਾਲ ਝੋਨੇ ਦੇ ਝਾੜ ਤੇ ਵੀ ਅਸਰ ਪੈ ਸਕਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਪੀਆਰ-131, ਪੀਆਰ-128, ਪੀਆਰ-144 ਕਿਸਮਾਂ ਜੋ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਕਿਸਮਾਂ ਵਿੱਚ ਸਭ ਤੋਂ ਵੱਧ ਮਧਰੇਪਣ ਦਾ ਵਾਇਰਸ ਫ਼ੈਲਿਆ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਕਿਸਾਨਾਂ ਨੇ ਬੀਜ ਵੀ ਪੀਏਯੂ ਅਤੇ ਯੂਨੀਵਰਸਿਟੀ ਦੇ ਬੀਜ ਖ਼ਰੀਦ ਕੇਂਦਰ ਤੋਂ ਖ਼ਰੀਦਿਆ ਸੀ। ਉਨ੍ਹਾਂ ਕਿਹਾ ਕਿ ਯੁਨੀਵਰਸਿਟੀ ਦੇ ਬੀਜਾਂ ਵਿੱਚ ਵਾਇਰਸ ਦਾ ਆਉਣਾ ਕਿਸਾਨਾਂ ਅਤੇ ਖੇਤੀਬਾੜੀ ਲਈ ਬਹੁਤ ਚਿੰਤਾਜਨਕ ਗੱਲ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ, ਮਧਰੇਪਣ ਦੇ ਵਾਇਰਸ ਨਾਲ ਹੋਏ ਕਿਸਾਨਾਂ ਦੇ ਝੋਨੇ ਦੇ ਨੁਕਸਾਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।