Babushahi Special ਪ੍ਰਵਾਸੀ ਮਜ਼ਦੂਰ: ਅੱਗੇ ਨ੍ਹੇਰਾ ਕੁਫਰ ਦਾ ਤੇ ਕੰਡਿਆਲੀ ਵਾਟ, ਦੀਵਾ ਬਾਲ ਇਮਾਨ ਦਾ ਉੱਚੀ ਰੱਖੀ ਲਾਟ
ਅਸ਼ੋਕ ਵਰਮਾ
ਬਠਿੰਡਾ,16 ਸਤੰਬਰ 2025: ਹੁਸ਼ਿਆਰਪੁਰ ’ਚ ਇੱਕ ਬੱਚੇ ਦੇ ਕਤਲ ’ਚ ਇੱਕ ਪ੍ਰਵਾਸੀ ਦਾ ਨਾਂ ਆਉਣ ਪਿੱਛੋਂ ਪ੍ਰਵਾਸੀਆਂ ਦਾ ਵਿਰੋਧ ਹੋਣ ਦੇ ਬਾਵਜੂਦ ਹਕੀਕਤ ਇਹ ਵੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਨਵੀਂ ਪੀੜ੍ਹੀ ਹੁਣ ਪੰਜਾਬੀ ਰੰਗਾਂ ਵਿੱਚ ਰੰਗੀ ਗਈ ਹੈ। ਕਾਫੀ ਪ੍ਰਵਾਸੀ ਮਜ਼ਦੂਰਾਂ ਦੀ ਦਿੱਖ ਤਾਂ ਹੁਣ ਪੰਜਾਬੀ ਮੁਹਾਂਦਰੇ ਵਾਲੀ ਬਣਨ ਲੱਗੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਕਰੀਬ ਤਿੰਨ ਦਹਾਕੇ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦਾ ਮੂੰਹ ਪੰਜਾਬ ਵੱਲ ਹੋਇਆ ਸੀ ਜਿੰਨ੍ਹਾਂ ਦੇ ਬੱਚੇ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਬੱਚਿਆਂ ਦੇ ਨਾਮ ਵੀ ਪੰਜਾਬੀਆਂ ਵਾਲੇ ਰੱਖ ਲਏ ਹਨ। ਪ੍ਰਵਾਸੀ ਕੇਦਾਰ ਨਾਥ ਸਾਲਾਂ ਤੋਂ ਬਠਿੰਡਾ ਵਿੱਚ ਰਹਿ ਰਿਹਾ ਹੈ। ਉਸ ਨੇ ਅੰਮ੍ਰਿਤ ਪਾਣ ਕੀਤਾ ਹੋਇਆ ਹੈ ਅਤੇ ਉਸਦੇ ਬੱਚਿਆਂ ਨੇ ਸਰਕਾਰੀ ਸਕੂਲ ਤੋਂ ਪੰਜਾਬੀ ਮਾਧਿਅਮ ਵਿੱਚ ਸਿੱਖਿਆ ਹਾਸਲ ਕੀਤੀ ਹੈ।
ਕੇਦਾਰ ਨਾਥ ਨੇ ਬੱਚਿਆਂ ਅਤੇ ਪੋਤੇ ਪੋਤਰੀਆਂ ਦੇ ਨਾਮ ਵੀ ਪੰਜਾਬੀਆਂ ਵਾਲੇ ਰੱਖੇ ਹਨ। ਨਗਰ ਨਿਗਮ ਬਠਿੰਡਾ ਦੇ ਕੌਂਸਲਰ ਅਸ਼ੇਸ਼ਰ ਪਾਸਵਾਨ ਨੂੰ ਕੈਨੇਡਾ ਦੀ ਧਰਤੀ ਤੇ ਉੱਜਲ ਦੁਸਾਂਝ ਦੀ ਤਰਾਂ ਮਾਣ ਸਨਮਾਨ ਮਿਲਿਆ ਹੈ । ਸੱਤਵੀਂ ਪਾਸ ਅਸ਼ੇਸ਼ਰ ਪਾਸਵਾਨ ਬਿਹਾਰ ਤੋਂ ਬਠਿੰਡਾ ਆਇਆ ਸੀ ਤਾਂ ਉਦੋਂ ਅਜਿਹਾ ਨਹੀਂ ਸੀ । ਹੁਣ ਤਾਂ ਪਾਸਵਾਨ ਦੀ ਇੱਛਾ ਹੈ ਕਿ ਉਸ ਦਾ ਆਖਰੀ ਸਾਹ ਬਠਿੰਡਾ ਦੀ ਧਰਤੀ ਤੇ ਨਿਕਲੇ। ਹੋਰਨਾਂ ਪ੍ਰਵਾਸੀ ਮਜਦੂਰਾਂ ਦੀ ਤਰਾਂ ਸ਼ੁਰੂਆਤੀ ਦੌਰ ’ਚ ਪਾਸਵਾਨ ਨੇ 15 ਸਾਲ ਦੀ ਉਮਰ ’ਚ ਬਠਿੰਡਾ ਵਿਖੇ ਮਜ਼ਦੂਰੀ ਕੀਤੀ। ਇਸੇ ਦੌਰਾਨ ਉਸ ਨੇ ਰਾਜ ਮਿਸਤਰੀ ਦਾ ਕੰਮ ਸਿੱਖ ਲਿਆ ਅਤੇ ਠੇਕੇਦਾਰਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੋਰ ਜਿਆਦਾ ਤਰੱਕੀ ਦੇ ਮਕਸਦ ਨਾਲ ਉਸ ਨੇ ਆਪਣੇ ਪੱਧਰ ਤੇ ਛੋਟੇ ਮੋਟੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਉਸ ਨੇ ਬੇਅੰਤ ਨਗਰ ਵਿੱਚ ਮੁਹੱਲਾ ਸੁਧਾਰ ਕਮੇਟੀ ਬਣਾ ਲਈ ਅਤੇ ਕਮੇਟੀ ਦੇ ਸਕੱਤਰ ਵਜੋਂ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਲਈ 25-25 ਗਜ ਦੇ ਪਲਾਟ ਲੈ ਲੈਣ ’ਚ ਫਸਲ ਹੋ ਗਿਆ । ਉਸ ਦੀ ਇਲਾਕੇ ਤੇ ਪਕੜ ਦਾ ਇੱਥੋਂ ਅੰਦਾਜਾ ਲੱਗਦਾ ਹੈ ਕਿ ਹੁਣ ਉਹ ਨਗਰ ਨਿਗਮ ਦਾ ਲਗਾਤਾਰ ਤੀਸਰੀ ਵਾਰ ਕੌਂਸਲਰ ਹੈ। ਜਦੋਂ ਚੋਣ ਨਤੀਜੇ ਆਉਂਦੇ ਹਨ ਤਾਂ ਪਾਸਵਾਨਾਂ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਦਿਖਦਾ ਹੈ ਅਤੇ ਪਾਸਵਾਨ ਜਿੰਦਾਬਾਦ ਦੇ ਨਾਅਰੇ ਲੱਗਣੇ ਤਾਂ ਹੁਣ ਸਧਾਰਨ ਗੱਲ ਹੈ। ਅਸ਼ੇਸ਼ਰ ਪਾਸਵਾਨ ਦਾ ਮਿਜਾਜ ਵੱਖਰਾ ਹੈ ਅਤੇ ਚਿੱਟਾ ਕੁੜਤਾ ਪਜਾਮਾ ਉਸ ਦੇ ਬਦਲੇ ਦਿਨਾਂ ਦਾ ਸੰਕੇਤ ਹੈ। ਅਸ਼ੇਸ਼ਰ ਪਾਸਵਾਨ ਦਾ ਕਹਿਣਾ ਹੈ ਕਿ ਉਸ ਨੇ ਤਾਂ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਬਠਿੰਡਾ ਵਿੱਚ ਉਸ ਨੂੰ ਐਨਾ ਮਾਣ ਬਖਸ਼ਿਆ ਜਾਏਗਾ।
ਪ੍ਰਵਾਸੀ ਰਾਮਾਨੰਦ ਯਾਦਵ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸਿਰਫ 20 ਸਾਲ ਦੀ ਉਮਰ ’ਚ ਬਠਿੰਡਾ ਆਇਆ ਸੀ। ਹੁਣ ਉਹ 69 ਸਾਲਾਂ ਨੂੰ ਢੁੱਕ ਚੁੱਕਿਆ ਹੈ। ਪਹਿਲਾਂ ਉਸ ਦਾ ਪਿਤਾ ਰਾਮ ਨਰੇਸ਼ ਬਠਿੰਡਾ ਆਇਆ ਸੀ ਜਿਸ ਦੇ ਨਾਲ ਕੰਮ ਕਰਦਿਆਂ ਉਸ ਨੇ ਸਬਜ਼ੀ ਦੀ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ। ਚੰਗੀ ਸਬਜੀ ਤੇ ਇਮਾਨਦਾਰੀ ਦੇ ਤੋਲ ਨੇ ਉਸ ਨੂੰ ਭਾਗ ਲਾਏ। ਪੰਜਾਬ ਵਿੱਚ ਕਾਲੀ ਹਨੇਰੀ ਮੌਕੇ ਉਸ ਨੇ ਬਠਿੰਡਾ ਛੱਡਣ ਦਾ ਫੈਸਲਾ ਲਿਆ ਪਰ ਮਜਬੂਰੀ ਨੇ ਪੈਰ ਨਾ ਪੱਟਣ ਦਿੱਤੇ। ਹੁਣ ਰਾਮਾ ਨੰਦ ਪੱਕੇ ਮਕਾਨ ਦਾ ਮਾਲਕ ਹੈ ਅਤੇ ਬੱਚੇ ਆਪੋ ਆਪਣੀ ਥਾਈਂ ਮੌਜਾਂ ਕਰਦੇ ਹਨ। ਪ੍ਰੀਵਾਰ ਦੇ ਮੈਂਬਰ ਠੇਠ ਪੰਜਾਬੀ ਬੋਲਦੇ ਹਨ ਸਿਰਫ ਰਾਮਾਨੰਦ ਦੀ ਬੋਲਬਾਣੀ ’ਚ ਪ੍ਰਵਾਸੀ ਪ੍ਰਭਾਵ ਹੈ। ਰਾਮਾਨੰਦ ਨੇ ਕਿਹਾ ਕਿ ਬਠਿੰਡਾ ਨੇ ਉਸ ਦੀ ਤਕਦੀਰ ਬਦਲ ਦਿੱਤੀ ਹੈ।
ਬਠਿੰਡਾ ਦੀ ਮਿੱਟੀ ਚੋਂ ਤਕਦੀਰ ਤਲਾਸ਼ਣ ਆਏ ਬਿਹਾਰੀ ਮਜਦੂਰ ਰਾਮ ਸੇਵਕ ਨੇ 45 ਸਾਲ ਪਹਿਲਾਂ 150 ਰੁਪਏ ਵਿੱਚ ਬਾਰਾਂ ਬਾਰਾਂ ਘੰਟੇ ਪੰਸਾਰੀ ਦੀ ਦੁਕਾਨ ਤੇ ਕੰਮ ਕੀਤਾ ਅਤੇ ਮਿਹਨਤ ਮਜਦੂਰੀ ਵੀ ਕੀਤੀ। ਹਾਲਾਤ ਖਰਾਬ ਹੋਏ ਤਾਂ ਉਹ ਡਰਿਆ ਜਰੂਰ ਪਰ ਭੁੱਖ ਕੱਟਣ ਨਾਲੋਂ ਇੱਥੇ ਮਰਨ ਨੂੰ ਪਹਿਲ ਦਿੱਤੀ। ਜਦੋਂ ਰੁੱਤ ਬਦਲੀ ਤਾਂ ਉਹ 550 ਰੁਪਏ ਮਹੀਨਾ ਤਨਖਾਹ ਤੇ ਪਾਰਟ ਟਾਈਮ ਚੌਕੀਦਾਰ ਲੱਗ ਗਿਆ। ਲਗਨ ਤੇ ਮਿਹਨਤ ਰੰਗ ਲਿਆਈ ਤਾਂ ਉਸ ਨੇ ਬਠਿੰਡਾ ’ਚ ਪੱਕੀ ਰਿਹਾਇਸ਼ ਬਣਾ ਲਈ। ਹੁਣ ਉਸ ਦੇ ਬੱਚੇ ਵੀ ਪੰਜਾਬ ਦੇ ਸਿਰ ਤੋ ਕੰਮ ਧੰਦਿਆਂ ਵਿੱਚ ਲੱਗੇ ਹੋਏ ਹਨ। ਰਾਮ ਸੇਵਕ ਆਖਦਾ ਹੈ ਕਿ ਹੁਣ ਪੁਰਖਿਆਂ ਦੀ ਧਰਤੀ ਤੇ ਪੰਜਾਬ ਵਰਗੀ ਖਿੱਚ੍ਹ ਨਹੀਂ ਹੈ। ਇਹ ਕੁਝ ਮਿਸਾਲਾਂ ਹਨ ਇਕੱਲੇ ਬਠਿੰਡਾ ’ਚ ਸੈਂਕੜੇ ਪ੍ਰਵਾਸੀ ਖੁਸ਼ਹਾਲ ਜਿੰਦਗੀ ਜੀ ਰਹੇ ਹਨ।
ਪ੍ਰਵਾਸੀਆਂ ਤੋਂ ਸਬਕ ਲੈਣ ਦੀ ਲੋੜ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਚੰਗੇ ਮੰਦੇ ਲੋਕ ਹਰ ਸਮਾਜ ਵਿੱਚ ਹੁੰਦੇ ਹਨ ਪਰ ਸਾਨੂੰ ਭਾਈਚਾਰਾ ਬਣਾਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰਿਜ਼ਕ ਦੇ ਮਸਲੇ ਨੇ ਪ੍ਰਵਾਸੀਆਂ ਨੂੰ ਪੰਜਾਬ ਦੇ ਲੜ ਲੱਗਣ ਲਈ ਮਜਬੂਰ ਕੀਤਾ ਹੈ ਫਿਰ ਵੀ ਜਿੱਥੇ ਪੰਜਾਬੀ ਮੁੰਡੇ ਕੁੜੀਆਂ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਦੌੜ ਲੱਗੀ ਹੋਈ ਹੈ ਉੱਥੇ ਹੀ ਹਜ਼ਾਰਾਂ ਪ੍ਰਵਾਸੀ ਮਜਦੂਰਾਂ ਨੇ ਆਪਣੀ ਸਖਤ ਮਿਹਨਤ ਨਾਲ ਇੱਥੇ ਹੀ ਕੈਨੇਡਾ ਬਨਾਉਣ ’ਚ ਸਫਲਤਾ ਹਾਸਲ ਕੀਤੀ ਹੈ । ਉਨ੍ਹਾਂ ਕਿਹਾ ਕਿ ਹੁਣ ਤਾਂ ਕਈ ਪ੍ਰਵਾਸੀਆਂ ਦੇ ਬੱਚੇ ਪੰਜਾਬ ਦੀ ਗੱਲ ਕਰਨ ਲੱਗੇ ਹਨ ਅਤੇ ਉਨ੍ਹਾਂ ਪਿਛੋਕੜ ਤੱਕ ਭੁਲਾ ਦਿੱਤਾ ਹੈ ਇਸ ਲਈ ਕਿ ਨਵੇਂ ਪੋਚ ਨੂੰ ਇੰਨ੍ਹਾਂ ਪ੍ਰਵਾਸੀ ਮਜ਼ਦੂਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ।