Canada: ਬਰੈਂਪਟਨ ਸਿਟੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੁਸਤਕਾਂ ਮੇਲਾ ਸ਼ੁਰੂ
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਉਦਘਾਟਨ ਕੀਤਾ
ਹਰਦਮ ਮਾਨ
ਸਰੀ, 14 ਸਤੰਬਰ 2025-ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗੀ ਅਦਾਰੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਵਿਖੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਨਾਲ ਪੰਦਰਾਂ ਰੋਜ਼ਾ ਵਿਸ਼ਾਲ ਪੁਸਤਕ ਮੇਲਾ ਲਾਇਆ ਗਿਆ ਹੈ। ਬੀਤੇ ਦਿਨ ਇਸ ਮੇਲੇ ਦਾ ਉਦਘਾਟਨ ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜ ਸੌ ਨਵੇਂ ਟਾਈਟਲ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਬੋਲਦਿਆਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਕੈਨੇਡਾ ਵਿੱਚ ਪੁਸਤਕ ਮੇਲੇ ਲੱਗਣੇ ਇਸ ਲਈ ਵੀ ਜ਼ਰੂਰੀ ਹਨ ਕਿ ਪੰਜਾਬੀਆਂ ਨੂੰ ਭਾਸ਼ਾ ਤੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸਾਹਮਣੇ ਅਸੀਂ ਮੰਗ ਉਠਾ ਰਹੇ ਹਾਂ ਕਿ ਸਕੂਲਾਂ ਵਿੱਚ ਪੰਜਾਬੀ ਪੜਾਏ ਜਾਣ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਸੁਝਾਅ ਪ੍ਰਵਾਨ ਕਰਦਿਆਂ ਇਸ ਪੁਸਤਕ ਮੇਲੇ ਨੂੰ ਸਭਾ ਦੇ ਸਾਲਾਨਾ ਕੈਲੰਡਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਪੰਜਾਬੀ ਲੇਖਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਤਾਬਾਂ ਹੀ ਮਹਾਨ ਮਨੁੱਖੀ ਗਿਆਨ ਮਈ ਤਰੰਗਾਂ ਨੂੰ ਸ਼ਬਦਾਂ ਵਿਚ ਉਕਰ ਕੇ ਸਾਡੇ ਸਮਾਜ ਅੱਗੇ ਪੜ੍ਹਨ ਲਈ ਪਰੋਸਦੀਆਂ ਹਨ। ਗੁਰਦਾਸਪੁਰ ਤੋਂ ਕੈਨੇਡਾ ਆਏ ਪੰਜਾਬੀ ਕਵੀ ਮੱਖਣ ਕੋਹਾੜ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਦੇ ਮਾਲਕ ਸ਼ਤੀਸ਼ ਗੁਲਾਟੀ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਪੰਜਾਬ ਤੋ ਇੱਥੇ ਪਹੁੰਚ ਕੇ ਪੁਸਤਕ ਪ੍ਰਦਰਸ਼ਨੀ ਲਾਉਂਦੇ ਹਨ ਅਤੇ ਪੰਜਾਬੀਆਂ ਦੇ ਗਿਆਨ ਦਾ ਦਾਇਰਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।
ਉੱਘੇ ਨਾਟਕਕਾਰ ਬਲਜਿੰਦਰ ਲੇਲਣਾ ਅਤੇ ਵਿਸ਼ਵ ਪੰਜਾਬੀ ਸਭਾ ਦੇ ਭਾਰਤੀ ਚੈਪਟਰ ਦੀ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਨੇ ਕਿਹਾ ਕਿ ਕਿਤਾਬਾਂ ਸਾਡੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਈ ਹਨ ਅਤੇ ਹਰ ਪੰਜਾਬੀ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਪਾਕਿਸਤਾਨ ਤੋਂ ਆਈ ਕਵਿੱਤਰੀ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ (ਬਾਬਾ ਗਰੁੱਪ), ਡਾ. ਦਰਸ਼ਨਦੀਪ ,ਸਰਬਜੀਤ ਕੌਰ, ਰਾਜਿੰਦਰ ਸਿੰਘ ,ਨਾਟਕਕਾਰ ਨਾਹਰ ਸਿੰਘ ਔਜਲਾ, ਡਾ. ਪ੍ਰਗਟ ਸਿੰਘ, ਬੱਗਾ ,ਹੀਰਾ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਿੱਟਾ, ਸਤਿਬੀਰ ਸਿੰਘ ਸਿੱਧੂ, ਹੰਸਪਾਲ ਸਰਬਜੀਤ ਕੌਰ ਕੋਹਲੀ, ਪਰਮਜੀਤ ਸਿੰਘ ਵਿਰਦੀ ਆਦਿ ਨੇ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ।
ਪੁਸਤਕ ਮੇਲੇ ਦੇ ਮੁੱਖ ਪ੍ਰਬੰਧਕ ਤੇ ਪੰਜਾਬੀ ਕਵੀ ਸ਼ਤੀਸ਼ ਗੁਲਾਟੀ ਨੇ ਵਿਸ਼ਵ ਪੰਜਾਬੀ ਸਭਾ ਦੇ ਸਹਿਯੋਗ ਅਤੇ ਵਿਸ਼ਵ ਪੰਜਾਬੀ ਭਵਨ ਦੀ ਵਰਤੋਂ ਲਈ ਡਾ. ਕਥੂਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਲਗਭਗ ਤਿੰਨ ਸੌ ਲੇਖਕਾਂ ਦੀਆਂ ਪੁਸਤਕਾਂ ਸ਼ਾਮਲ ਹਨ। ਇਸ ਮੇਲੇ ਲਈ ਬਰੈਂਪਟਨ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।