ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ- ਚੇਅਰਮੈਨ ਜਸਵੀਰ ਸਿੰਘ ਗੜ੍ਹੀ
ਚੇਅਰਮੈਨ ਗੜ੍ਹੀ ਸਿੱਖ ਜਥੇਬੰਦੀਆਂ ਸਮੇਤ ਫ਼ਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਲਈ ਰਾਹਤ ਸਮੱਗਰੀ ਲੈ ਕੇ ਹੋਏ ਰਵਾਨਾ
ਰੋਹਿਤ ਗੁਪਤਾ
ਫ਼ਤਿਹਗੜ੍ਹ ਚੂੜੀਆਂ/ਬਟਾਲਾ, 8 ਸਤੰਬਰ
ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਗੜ੍ਹੀ ਫ਼ਤਿਹਗੜ੍ਹ ਚੂੜੀਆਂ ਦੇ ਇਕ ਨਿੱਜੀ ਹਸਪਤਾਲ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਐਸ.ਸੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ, ਜਿਸਦੇ ਮਗਰੋਂ ਉਹ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਜਿਸ ਵਿੱਚ ਰਾਸ਼ਨ, ਸੁੱਕੀ ਰਸਦ ਅਤੇ ਦਵਾਈਆਂ ਆਦਿ ਸਨ, ਰਵਾਨਾ ਹੋ ਗਏ। ਉਨ੍ਹਾਂ ਨਾਲ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ (ਡਾ.), ਭਾਈ ਦਵਿੰਦਰ ਸਿੰਘ ਖਾਲਸਾ, ਸੰਤ ਸਿਪਾਹੀ ਸੁਸਾਇਟੀ ਲੁਧਿਆਣਾ, ਤਹਿਸੀਲਦਾਰ ਲਛਮਣ ਸਿੰਘ, ਸੁਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਐਸ.ਐਚ.ਓ ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਲੱਗਭਗ 8 ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡ ਹੜ੍ਹਾਂ ਦੀ ਮਾਰ ਹੇਠਾਂ ਆਏ ਹਨ, ਜਿਸ ਵਿੱਚ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬੀ ਆਪਣੇ ਪੰਜਾਬ ਦੇ ਪੀੜ੍ਹਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਦੁੱਖ ਦਰਦ ਵੰਡਾਉਣ ਅਤੇ ਉਨ੍ਹਾਂ ਦੀ ਪੀੜਾ ਜਾਨਣ ਲਈ ਉਹ ਵੱਖ-ਵੱਖ ਪਿੰਡਾਂ ਵਿੱਚ ਸੰਤਾਂ-ਮਹਾਂਪੁਰਖਾਂ ਦੀ ਅਗਵਾਈ ਵਿੱਚ ਰਾਹਤ ਸਮੱਗਰੀ ਲੈ ਕੇ ਜਾ ਰਹੇ ਹਨ।
ਚੇਅਰਮੈਨ ਗੜ੍ਹੀ ਨੇ ਕਿਹਾ ਕਿ ਅੱਜ ਹਰ ਪੰਜਾਬੀ ਫਿਕਰਮੰਦ ਹੈ ਕਿ ਉਹ ਸੇਵਾ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ, ਜਿਸ ਤਹਿਤ ਉਹ ਵੀ ਸੇਵਾ ਲਈ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਸੁਸਾਇਟੀਆਂ ਅਤੇ ਪੰਜਾਬੀ ਗਾਇਕਾਂ ਦੀ ਸ਼ਲਾਘਾ ਕਰਦੇ ਹਨ, ਜੋ ਇਸ ਸਮੇਂ ਪੰਜਾਬੀਆਂ ਦੇ ਦਰਦ ਨੂੰ ਵੰਡਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਸਾਨੂੰ ਕਿਸਾਨਾਂ ਅਤੇ ਆਮ ਲੋਕਾਂ ਦੀ ਵਧੇਰੇ ਮਦਦ ਕਰਨ ਦੀ ਜ਼ਰੂਰਤ ਪਵੇਗੀ।
ਇਸ ਮੌਕੇ ਹਰਵਿੰਦਰ ਸਿੰਘ ਰੰਧਾਵਾ, ਸੁਖਦੀਪ ਸਿੰਘ, ਹਰਦੇਵ ਸਿੰਘ, ਜਸਬੀਰ ਸਿੰਘ ਤਰਨਾ ਦਲ, ਗੁਰਮੀਤ ਸਿੰਘ ਢੰਡ, ਜਸਪਾਲ ਸਿੰਢ ਢੰਡ, ਅੰਗ੍ਰੇਜ਼ ਸਿੰਘ, ਬਿਕਰਮਜੀਤ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਹਿਬ ਸਿੰਘ ਸਰਪੰਚ, ਹਰਦੇਵ ਸਿੰਘ ਖ਼ਾਲਸਾ, ਜਤਿੰਦਰ ਸਿੰਘ, ਰਛਪਾਲ ਸਿੰਘ ਮਾਹਲਾ ਆਦਿ ਹਾਜ਼ਰ ਸਨ।