ਕਤਲ ਮਾਮਲੇ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ, ਮੁਲਜ਼ਮ ਗ੍ਰਿਫਤਾਰ, ਹਥਿਆਰ ਅਤੇ ਐਕਟਿਵਾ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 15 ਜੁਲਾਈ 2025 - ਸਵਪਨ ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ, ਰੁਪਿੰਦਰ ਸਿੰਘ, ਪੀ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਮਨਦੀਪ ਸਿੰਘ ਸਿੱਧੂ, ਪੀ.ਪੀ.ਐਸ., ਏ. ਡੀ.ਸੀ.ਪੀ. ਜ਼ੋਨ 4, ਅਤੇ ਸੁਮਿਤ ਸੂਦ, ਪੀ.ਪੀ.ਐਸ., ਏ.ਸੀ.ਪੀ. ਪੂਰਬੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੇਹਰਬਾਨ ਦੀ ਪੁਲਿਸ ਟੀਮ ਨੇ ਇੰਸਪੈਕਟਰ ਪਰਮਦੀਪ ਸਿੰਘ ਦੀ ਅਗਵਾਈ ਹੇਠ ਮਿਤੀ 10.07.2025 ਨੂੰ ਹੋਏ ਕਤਲ ਦੇ ਮਾਮਲੇ ਨੂੰ ਟਰੇਸ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ।
ਮਿਤੀ 10 ਜੁਲਾਈ 2025 ਨੂੰ ਰਾਤ ਕਰੀਬ 8:30 ਵਜੇ, ਤਿਲਕ ਰਾਜ ਨਾਮਕ ਵਿਅਕਤੀ ਦਾ ਨਜ਼ਦੀਕ ਗੁੱਜਰ ਭਵਨ ਰਾਹੋ ਰੋਡ ਲੁਧਿਆਣਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁੱਖ ਅਫਸਰ ਥਾਣਾ ਵਲੋਂ ਮੁਕੱਦਮਾ ਨੰ.70 ਮਿਤੀ 11.07.2025 ਅਧੀਨ ਧਾਰਾ 103 BNS ਥਾਣਾ ਮੇਹਰਬਾਨ ਲੁਧਿਆਣਾ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕੀਤੀ ਗਈ।
ਮਿਤੀ 14 ਜੁਲਾਈ 2025 ਨੂੰ, ਨਾਕਾਬੰਦੀ ਦੌਰਾਨ ਮ੍ਰਿਤਕ ਦੇ ਪੁੱਤਰ ਜਗਦੀਸ਼ ਦੀ ਹਾਜਰੀ ਵਿੱਚ ਗੱਬਰ ਸਿੰਘ ਪੁੱਤਰ ਦਿਲਬਾਗ ਸਿੰਘ (ਵਾਸੀ ਮਹੱਲਾ ਹਰਗੋਬਿੰਦ ਵਿਹਾਰ, ਉਮਰ 24/25 ਸਾਲ) ਨੂੰ ਬਾਜੜਾ ਕੱਟ ਰਾਹੋ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੂਜਾ ਦੋਸ਼ੀ ਹਰਪ੍ਰੀਤ ਸਿੰਘ ਉਰਫ ਕਾਕੂ ਪੁੱਤਰ ਜਸਪਾਲ ਸਿੰਘ (ਉਮਰ 15/16 ਸਾਲ) ਨੂੰ 15 ਜੁਲਾਈ 2025 ਨੂੰ ਦੇਸੂ ਕਲੋਨੀ, ਮੇਹਰਬਾਨ ਤੋਂ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ (ਲੋਹੇ ਦੀ ਕਿਰਚ) ਅਤੇ ਐਕਟਿਵਾ ਨੰਬਰ PB10-FU-6526 ਰੰਗ ਚਿੱਟਾ ਬਰਾਮਦ ਕੀਤੀ ਗਈ।
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਤੋਂ ਡੂੰਘੀ ਤਫਤੀਸ਼ ਕੀਤੀ ਜਾ ਸਕੇ।