ਨਾਲਾ ਬਲੋਕ ਹੋਣ ਕਾਰਨ ਅੱਧਾ ਘੰਟਾ ਹੋਈ ਬਾਰਿਸ਼ ਨੇ ਸੜਕ ਤੇ ਕਰਤਾ ਪਾਣੀ ਹੀ ਪਾਣੀ
- ਦੁਕਾਨਦਾਰਾਂ ਨੇ ਨਗਰ ਕੌਂਸਲ ਖਿਲਾਫ ਕੱਢੀ ਭੜਾਸ
ਰੋਹਿਤ ਗੁਪਤਾ
ਗੁਰਦਾਸਪੁਰ, 4 ਜੁਲਾਈ 2025 - ਸਿਰਫ 25 ਮਿੰਟ ਦੀ ਬਾਰਿਸ਼ ਨੇ ਪੁਰਾਣੀ ਦਾਣਾ ਮੰਡੀ ਚੌਕ ਦੇ ਦੁਕਾਨਦਾਰਾਂ ਦਾ ਹਾਲ ਬੇਹਾਲ ਕਰ ਦਿੱਤਾ। ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਰਕੇ ਚੌਕ 'ਚ ਪਾਣੀ ਰੁਕ ਗਿਆ ਅਤੇ ਦੁਕਾਨਾਂ 'ਚ ਪਾਣੀ ਵੜ ਗਿਆ। ਜਿੱਥੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਕ ਚੌਕ 'ਚ ਨਾਲਾ ਬਲਾਕ ਹੋਣ ਕਰਕੇ ਪਾਣੀ ਚੌਕ 'ਚ ਇਕੱਠਾ ਹੋ ਗਿਆ।
ਲੋਕਾਂ ਨੇ ਦੱਸਿਆ ਕਿ ਹਰ ਵਾਰੀ ਬਾਰਿਸ਼ ਪੈਣ ਤੇ ਇਹੀ ਹਾਲਤ ਬਣ ਜਾਂਦੀ ਹੈ। ਰਾਹਗੀਰਾਂ ਦੇ ਵਾਹਨ ਵੀ ਖਰਾਬ ਹੌ ਜਾਂਦੇ ਹਨ।
ਇਸ ਮੌਕੇ ਮੰਡੀ ਚੋਂਕ ਦੇ ਸਮੂਹ ਦੁਕਾਨਦਾਰਾਂ ਅਤੇ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਅਨੂੰ ਗੰਡੋਤਰਾ ਨੇ ਕਿਹਾ ਕਿ ਸਰਕਾਰਾਂ ਦੇ ਵਿਕਾਸ ਦੇ ਦਾਅਵੇ ਸਿਰਫ਼ ਕਾਗਜ਼ੀ ਹਨ। ਸਾਡੀਆਂ ਦੁਕਾਨਾਂ 'ਚ ਹਰ ਬਾਰ ਬਾਰਿਸ਼ ਦੌਰਾਨ ਪਾਣੀ ਵੜ ਜਾਂਦਾ ਹੈ। ਸਾਡਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਪਰ ਕੋਈ ਪੁੱਛਣ ਵਾਲਾ ਨਹੀਂ।
ਉਹਨਾਂ ਕਿਹਾ ਕਿ ਇਹ ਸਿਰਫ ਮੰਡੀ ਚੌਕ ਦੀ ਸਮੱਸਿਆ ਨਹੀਂ, ਪੂਰੇ ਸ਼ਹਿਰ 'ਚ ਨਿਕਾਸੀ ਦੀ ਸਹੀ ਪ੍ਰਬੰਧਨਾ ਨਹੀਂ ਹੈ। ਨਿਕਾਸੀ ਦੇ ਨਾਲਿਆਂ ਦੀ ਸਮੇਂ-ਸਮੇਂ 'ਤੇ ਸਫਾਈ ਨਾ ਹੋਣ ਕਰਕੇ ਹਰ ਛੋਟੀ ਬਾਰਿਸ਼ ਨਾਲ ਵੀ ਚੋਂਕ ਤਲਾਬ ਬਣ ਜਾਂਦਾ ਹੈ। ਸਰਕਾਰ ਨੂੰ ਜਮੀਨੀ ਹਕੀਕਤ 'ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਿਰਫ਼ ਕਾਗਜ਼ਾਂ 'ਚ ਵਿਕਾਸ ਦਿਖਾਉਣਾ।"
ਉਹਨਾਂ ਅਪੀਲ ਕੀਤੀ ਕਿ ਨਾਲਿਆਂ ਦੀ ਤੁਰੰਤ ਚੁੱਕਵਾਈ ਕਰਵਾਈ ਜਾਵੇ ਅਤੇ ਮਜਬੂਤ ਨਿਕਾਸੀ ਪ੍ਰਣਾਲੀ ਬਣਾਈ ਜਾਵੇ ਤਾਂ ਜੋ ਅਗਲੇ ਸਮੇਂ 'ਚ ਲੋਕਾਂ ਨੂੰ ਐਸਾ ਸੰਕਟ ਨਾ ਝੱਲਣਾ ਪਵੇ। ਉਹਨਾਂ ਕਿਹਾ ਕਿ ਕਈ ਦਿਨ ਤੱਕ ਪਾਣੀ ਖੜਾ ਰਹਿਣ ਕਰਕੇ ਇਥੇ ਦੇ ਡੇਂਗੂ ਵਰਗੀ ਘਾਤਕ ਬਿਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਮੋਕੇ ਤੇ ਦੁਕਾਨਦਾਰ ਬਿੱਟੂ ਸੱਭਰਵਾਲ, ਭਵਯਾ ਮਹਾਜਨ, ਕੇਵਲ ਆਦਿ ਹਾਜ਼ਰ ਸਨ।