ਨਰਕ ਦੀ ਜਿੰਦਗੀ ਜੀ ਰਹੇ ਹਨ ਮਹਾਂਵੀਰ ਕਲੋਨੀ ਦੇ ਵਾਸੀ, ਪਿਛਲੇ ਕਈ ਦਿਨਾਂ ਤੋਂ ਸੀਵਰ ਬੰਦ, ਗੰਦਾ ਪਾਣੀ ਸੜਕਾਂ ਉੱਤੇ
ਦੀਪਕ ਜੈਨ
ਜਗਰਾਓਂ, 4 ਜੁਲਾਈ 2025 - ਜਿੱਥੇ ਕਚਰੇ ਦੇ ਢੇਰਾਂ ਨਾਲ ਪੂਰਾ ਸ਼ਹਿਰ ਹੀ ਪਰੇਸ਼ਾਨ ਹੈ ਉੱਥੇ ਮਹਾਂਵੀਰ ਕਲੋਨੀ ਜਗਰਾਉਂ ਦੇ ਵਾਸੀ ਸੜਕਾਂ ਉੱਪਰ ਸੀਵਰ ਦੇ ਫੈਲੇ ਹੋਏ ਗੰਦੇ ਪਾਣੀ ਦੀ ਸਮੱਸਿਆ ਤੋਂ ਵੀ ਪਰੇਸ਼ਾਨ ਹਨ। ਅੱਜ ਇਸ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਲੋਨੀ ਦੀਆਂ ਔਰਤਾਂ ਅਤੇ ਮਰਦਾਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਕਾਲੋਨੀ ਦੀ ਸੀਵਰ ਲਾਈਨ ਬੰਦ ਹੋ ਚੁੱਕੀ ਹੈ। ਜਿਸ ਬਾਰੇ ਉਹਨਾਂ ਨੇ ਕਈ ਵਾਰ ਆਪਣੀ ਕਲੋਨੀ ਦੀ ਇੱਕ ਨੰਬਰ ਗਲੀ ਅੰਦਰ ਰਹਿੰਦੇ ਹੀ ਵਾਰੜ ਦੇ ਕੌਂਸਲਰ ਬਿਕਰਮ ਜੱਸੀ ਤੱਕ ਸ਼ਿਕਾਇਤ ਵੀ ਕੀਤੀ ਹੈ। ਪਰ ਬਿਕਰਮ ਜੱਸੀ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕਰਵਾ ਸਕੇ ਅਤੇ ਪਿਛਲੇ ਪੰਜ ਦਿਨਾਂ ਤੋਂ ਸੜਕਾਂ ਉੱਪਰ ਸੀਵਰ ਦਾ ਗੰਦਾ ਪਾਣੀ ਫੈਲਿਆ ਹੋਇਆ ਹੈ। ਇਸ ਤੋਂ ਵੀ ਭੈੜਾ ਹਾਲ ਗਲੀ ਦੀਆਂ ਨਾਲੀਆਂ ਦਾ ਵੀ ਹੈ ਜੋ ਕਿ ਪੂਰੇ ਕਚਰੇ ਨਾਲ ਭਰੀਆਂ ਪਈਆਂ ਹਨ ਅਤੇ ਸੀਵਰ ਦੇ ਪਾਣੀ ਨੂੰ ਨਹੀਂ ਸੰਭਾਲ ਰਹੀਆਂ। ਕਲੋਨੀ ਅੰਦਰ ਫੈਲੀ ਗੰਦਗੀ ਬਾਰੇ ਗੱਲਬਾਤ ਕਰਦਿਆਂ ਹੋਇਆਂ ਕਲੋਨੀ ਵਾਸੀ ਗਗਨ ਚੋਪੜਾ, ਕੇਵਲ, ਸੋਨੂ, ਵਿਜੇ, ਹੈਪੀ ਵਧਵਾ, ਰਜਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਕੌਂਸਲਰ ਵਿਕਰਮ ਜੱਸੀ ਨੂੰ ਵੀ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਉਚ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਬਾਰੇ ਜਾਣੂ ਕਰਾਇਆ ਸੀ। ਪਰ ਕਿਸੇ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਆਉਣ ਵਾਲੇ ਦਿਨਾਂ ਵਿੱਚ ਕਲੋਨੀ ਅੰਦਰ ਜੇ ਕੋਈ ਮਹਾਮਾਰੀ ਫੈਲਦੀ ਹੈ ਤਾਂ ਇਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਸਮੱਸਿਆ ਬਾਰੇ ਕੀ ਕਹਿੰਦੇ ਹਨ ਕੌਂਸਲਰ
ਜਦੋਂ ਕਲੋਨੀ ਅੰਦਰ ਸੜਕਾਂ ਉੱਪਰ ਘੁੰਮ ਰਹੇ ਸੀਵਰ ਦੇ ਪਾਣੀ ਬਾਰੇ ਵਾਰਡ ਨੰਬਰ ਨੌ ਦੇ ਕੌਂਸਲਰ ਬਿਕਰਮ ਜੱਸੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਆਪ ਇਸ ਸਮੱਸਿਆ ਤੋਂ ਪਰੇਸ਼ਾਨ ਹਨ. ਕਿਉਂ ਜੋ ਸੀਵਰ ਲਾਈਨਾਂ ਬੰਦ ਹਨ ਅਤੇ ਸਫਾਈ ਕਰਮਚਾਰੀ ਬੜੀ ਮੁਸਤੈਦੀ ਨਾਲ ਇਸ ਸਮੱਸਿਆ ਦੇ ਹੱਲ ਲਈ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।