ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੀ ਚੈਕਿੰਗ
* ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ 'ਚ ਸਕੂਲ, ਟਰਾਂਸਪੋਰਟ, ਮਾਪਿਆਂ ਜਾਂ ਕਿਸੇ ਹੋਰ ਪੱਧਰ 'ਤੇ ਕੋਈ ਕੁਤਾਹੀ ਬਖ਼ਸ਼ੀ ਨਹੀਂ ਜਾਵੇਗੀ-ਖੇਤਰੀ ਟਰਾਂਸਪੋਰਟ ਅਫ਼ਸਰ
* ਕਿਹਾ, ਮਾਪੇ ਵੀ ਬੱਚਿਆਂ ਦੀ ਸਕੂਲੀ ਆਵਾਜਾਈ ਲਈ ਨਿਰਧਾਰਤ ਸੁਰੱਖਿਅਤ ਸਾਧਨ ਹੀ ਵਰਤਣ, ਨਿਯਮਾਂ ਦੀ ਅਣਦੇਖੀ ਬਣ ਸਕਦੀ ਹੈ ਵੱਡੇ ਖ਼ਤਰੇ ਦਾ ਕਾਰਨ
* ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਮਰਸੀਅਲ ਵਹਾਨਾ,ਟਰੱਕ ਟਰਾਲੇ,ਟੇਪਰਾ,ਟੂਰਿਸਟ ਬੱਸਾਂ ਦੀ
ਕੀਤੀ ਚੈਕਿੰਗ ,16 ਚਲਾਨ 4 ਲੱਖ 70 ਬਤੌਰ ਜੁਰਮਾਨ ਇੱਕਤਰ
ਮਾਲੇਰਕੋਟਲਾ 18 ਮਈ:
ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੱਢੀ ਚੈਕਿੰਗ ਮੁਹਿੰਮ ਦੌਰਾਨ ਖੇਤਰੀ ਟਰਾਂਸਪੋਰਟ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ / ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਸਕੂਲਾਂ ਵਿਚ ਬੱਚਿਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਿਸੇ਼ਸ ਚੈਕਿੰਗ ਕੀਤੀ ਗਈ । ਇਸ ਚੈਕਿੰਗ ਮੁਹਿੰਮ ਦੌਰਾਨ ਕਮਰਸੀਅਲ ਵਹਾਨ ਟਰੱਕ, ਟਰਾਲੇ,ਟੇਪਰਾ,ਟੂਰਿਸਟ ਬੱਸਾਂ ਆਦਿ ਦੀ ਵੀ ਵਿਸ਼ੇਸ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਨਿਯਮਾਂ ਦੀ ਉਲਘਣਾ ਕਰਨ ਵਾਲੇ 16 ਵਾਹਨਾ ਦੇ ਚਲਾਨ ਕਰਕੇ 4 ਲੱਖ 70 ਹਜਾਰ ਰੁਪਏ ਬਤੌਰ ਜੁਰਮਾਨਾ ਰਾਸ਼ੀ ਵਸੂਲ ਕੀਤੀ ਗਈ ।
ਰਿਜ਼ਨਲ ਟਰਾਂਸਪੋਰਟ ਅਫਸਰ ਮਾਲੇਰਕੋਟਲਾ ਕਮ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਾਰ ਬਾਂਸਲ ਨੇ ਕਿਹਾ ਕਿ ਬੀਤੇ ਦਿਨੀਂ ਸਮਾਣਾ ਦੇ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ ਟਾਲਿਆ ਜਾ ਸਕਦਾ ਸੀ, ਪ੍ਰੰਤੂ ਅਜਿਹੀ ਕੁਤਾਹੀ ਭਵਿੱਖ ਵਿੱਚ ਨਹੀਂ ਹੋਣ ਦਿੱਤੀ ਜਾ ਸਕਦੀ । ਇਸ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਹੋਕੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦਾ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਸਕੂਲ ਜਾਂਦੇ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ ਵਿੱਚ ਸਕੂਲਾਂ, ਮਾਪਿਆਂ, ਟਰਾਂਸਪੋਰਟ ਜਾਂ ਕਿਸੇ ਵਿਭਾਗੀ ਪੱਧਰ 'ਤੇ ਹੋਈ ਕੋਈ ਵੀ ਕੁਤਾਹੀ, ਬਖ਼ਸ਼ਣਯੋਗ ਨਹੀਂ ਹੋਵੇਗੀ। ਇਸ ਲਈ ਸਾਰੇ ਨਿਜੀ ਸਕੂਲ, ਟਰਾਂਸਪੋਰਟ ਦੇ ਪ੍ਰਬੰਧਾਂ ਲਈ ਮਾਪਿਆਂ ਜਿੰਨੇ ਹੀ ਜਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਭਵਿੱਖ ਚ ਪੁਲਿਸ, ਟਰਾਂਸਪੋਰਟ, ਸਿੱਖਿਆ ਤੇ ਬਾਲ ਸੁਰੱਖਿਆ ਵਿਭਾਗਾਂ ਵੱਲੋਂ ਆਪਣੀ ਚੈਕਿੰਗ ਹੋਰ ਤੇਜ਼ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਸਕੂਲ ਵਾਹਨ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਨਾ ਹੋ ਸਕੇ । ਉਨ੍ਹਾਂ ਸਕੂਲ ,ਟਰਾਂਸਪੋਰਟ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ ਜੇਕਰ ਕਿਸੇ ਵੀ ਧਿਰ ਦੀ ਕੋਈ ਨਿੱਕੀ ਜਿਹੀ ਕੁਤਾਹੀ ਵੀ ਸਾਹਮਣੇ ਆਈ ਤਾਂ ਉਹ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ।
ਉਨ੍ਹਾਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਜਿੰਦਗੀ ਸੁਰੱਖਿਅਤ ਵਾਹਨਾਂ ਵਿੱਚ ਹੀ ਸੁਰੱਖਿਅਤ ਸਮਝਣ ਅਤੇ ਇਸ ਸਬੰਧੀ ਪੂਰਾ ਸਹਿਯੋਗ ਕਰਨ ਤਾਂ ਕਿ ਉਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਸੁਰੱਖਿਅਤ ਢੰਗ ਨਾਲ ਆ ਤੇ ਜਾ ਸਕਣ।
ਖੇਤਰੀ ਟਰਾਂਸਪੋਰਟ ਅਫਸਰ ਮਾਲੇਰਕੋਟਲਾ ਕਮ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਾਰ ਬਾਂਸਲ ਸੜਕੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਦੌਰਾਨ ਜ਼ਿਲ੍ਹੇ ਦੀਆਂ ਸੜ੍ਹਕਾਂ 'ਤੇ ਅਧੂਰੇ ਦਸਤਾਵੇਜਾ,ਓਵਰ ਲੋਡ, ਅਧੂਰੇ ਟੈਕਸ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਟਿੱਪਰਾਂ, ਟਰਾਲੇ , ਟਰੱਕਾਂ,ਪਿਕਅਪ, ਕਮਰਸ਼ੀਅਲ ਵਾਹਨਾ ਦੇ ਕਾਗਜ਼,ਪ੍ਰੈਸ਼ਰ ਹਾਰਨ,ਓਵਰ-ਹਾਇਟ,ਮੋਡੀਫਾਈਡ ਵਹੀਕਲ,ਬਿਨਾਂ ਡਰਾਈਵਿੰਗ ਲਾਇਸੈਂਸ,ਪਰਮਿਟ,ਟੈਕਸ,ਫਿਟਨੈੱਸ ਆਦਿ ਸਬੰਧੀ ਦਸਤਾਵੇਜਾ ਦੀ ਵੀ ਚੈਕਿੰਗ ਕਰਦਿਆ ਚਲਾਨ ਕੀਤੇ ।
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਸੜਕਾਂ ਉੱਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਹ ਆਰ.ਟੀ.ਏ. ਦਫ਼ਤਰ ਵਿਖੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆ ਅਚਨਚੇਤ ਚੈਕਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਜੋ ਸ਼ਹਿਰ ਨੂੰ ਦੁਰਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ ।