ਪੰਜਾਬ ਸਰਕਾਰ ਨੇ ਬੰਦ ਪਈਆਂ ਨਹਿਰਾਂ, ਕੱਸੀਆਂ, ਨਾਲਿਆਂ ਨੂੰ ਮੁੜ ਸੁਰਜੀਤ ਕਰਨ ਲਈ ਖਰਚੇ 4 ਹਜ਼ਾਰ ਕਰੋੜ ਰੁਪਏ- ਸਪੀਕਰ ਕੁਲਤਾਰ ਸਿੰਘ ਸੰਧਵਾਂ
ਪੰਜਾਬ ਵਿਧਾਨ ਸਭਾ ਸਪੀਕਰ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਮੌਕੇ ਰੱਖੇ ਪ੍ਰੋਗਰਾਮ ਵਿੱਚ ਕੀਤੀ ਵਿਸ਼ੇਸ਼ ਸ਼ਮੂਲੀਅਤ
ਕਿਹਾ! ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ
ਮੋਗਾ 18 ਮਈ
ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤੱਕ ਦੇ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਨਾਲ ਸਭ ਨੂੰ ਜੁੜੇ ਰਹਿਣ ਦੀ ਲੋੜ੍ਹ ਹੈ। ਜੱਸਾ ਸਿੰਘ ਜੀ ਨੂੰ ਸਿੱਖੀ ਸਿਦਕ, ਦੇਸ਼ ਭਗਤੀ, ਨਿਰਭੈਅਤਾ, ਸੂਰਬੀਰਤਾ ਅਤੇ ਕੁਰਬਾਨੀ ਵਿਰਸੇ ਵਿੱਚ ਮਿਲਣ ਕਾਰਣ ਉਹਨਾਂ ਨੇ ਅਠਾਰਵੀਂ ਸਦੀ ਵਿੱਚ ਵਿਦੇਸ਼ੀ ਹਮਲਾਵਰਾਂ ਨਾਲ ਲੋਹੇ ਨਾਲ ਲੋਹਾ ਲਿਆ ਅਤੇ ਆਪਣੀ ਬੀਰਤਾ, ਦਲੇਰੀ ਨਾਲ ਭਾਰਤ ਦੀ ਮਰਿਯਾਦਾ ਬਚਾਉਣ ਦੇ ਨਾਲ ਨਾਲ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਗਾ ਦੇ ਵਿਸ਼ਵਕਰਮਾ ਭਵਨ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 302ਵੇਂ ਜਨਮ ਦਿਹਾੜੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਤੋਂ ਇਲਾਵਾ ਹੋਰ ਵੀ ਉਘੀਆਂ ਸਿੱਖ ਸ਼ਖਸ਼ੀਅਤਾਂ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਪੀਕਰ ਅਤੇ ਹਾਜ਼ਰ ਹੋਈਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਵੀ ਕੀਤਾ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਵਸ ਦੀ ਸਮੂਹ ਸਿੱਖ ਕੌਮ ਅਤੇ ਹਾਜ਼ਰੀਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਹਨਾਂ ਕੌਮਾਂ ਨੂੰ ਆਪਣੇ ਇਤਿਹਾਸ ਅਤੇ ਵਿਕਾਸ ਦਾ ਗਿਆਨ ਹੁੰਦਾ ਹੈ, ਉਹ ਕਿਸੇ ਦੇ ਮਾਰੇ ਨਹੀਂ ਮਰਦੀਆਂ। ਉਨਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਕੀਮਤੀ ਸਹਿਯੋਗ ਨੂੰ ਭੁਲਾਇਆ ਨਹੀਂ ਜਾ ਸਕਦਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਖੇਤੀਬਾੜੀ ਨੂੰ ਸਾਨੂੰ ਬਿਜ਼ਨਸ ਵਿੱਚ ਬਦਲਣਾ ਪੈਣਾ ਹੈ ਜਿਹੜਾ ਕੰਮ ਪੰਜਾਬ ਵਿੱਚ ਅੰਬਾਨੀ ਜਾਂ ਅੰਡਾਨੀ ਕਰਨਾ ਚਾਹੁੰਦੇ ਹਨ ਉਹ ਸਾਨੂੰ ਆਪ ਹੀ ਕਰਨਾ ਪੈਣਾ ਹੈ ਭਾਵ ਫੂਡ ਪ੍ਰੋਸੈਸਿੰਗ ਨੂੰ ਅਪਨਾਉਣਾ ਪੈਣਾ ਹੈ ਇਸ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੀਆਂ ਅਨੇਕਾਂ ਸਕੀਮਾਂ ਚੱਲ ਰਹੀਆਂ ਹਨ। ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉੱਦਮੀਆਂ ਨੂੰ ਵੀ ਉਤਸ਼ਹਿਤ ਕਰ ਰਹੀ ਹੈ।
ਪਾਣੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋਂ ਪੰਜਾਬ ਨਾਲ ਧੋਖਾ ਹੁੰਦਾ ਰਿਹਾ ਹੈ, ਬੀ. ਬੀ. ਐਮ. ਬੀ. ਦਾ ਖਰਚਾ ਪੰਜਾਬ ਭਰਦਾ ਰਿਹਾ ਪ੍ਰੰਤੂ ਪਾਣੀ ਆਪਣੇ ਹਿੱਸੇ ਦਾ 110 ਗੁਣਾ ਤੋਂ ਵੱਧ ਹਰਿਆਣਾ ਤੇ ਰਾਜਸਥਾਨ ਲਿਜਾਂਦੇ ਰਹੇ। ਪੰਜਾਬ ਸਿਰਫ ਤੇ ਸਿਰਫ 60 ਫੀਸਦੀ ਪਾਣੀ ਦੀ ਵਰਤੋਂ ਕਰਦਾ ਸੀ, ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਰਾਜਨੀਤੀਆਂ ਨਾਲ ਹੁੰਦਾ ਰਿਹਾ।ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਸਰਕਾਰ ਨੇ 4000 ਕਰੋੜ ਰੁਪਏ ਬੰਦ ਪਈਆਂ ਪੰਜਾਬ ਦੀਆਂ ਨਹਿਰਾਂ, ਕੱਸੀਆਂ, ਨਾਲਿਆਂ ਨੂੰ ਮੁੜ ਸੁਰਜੀਤ ਕਰਨ ਉੱਪਰ ਖਰਚਿਆ ਹੈ ਤਾਂ ਕਿ ਅਸੀਂ ਦਰਿਆਈ ਪਾਣੀ ਜਿਆਦਾ ਵਰਤ ਸਕੀਏ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਹੁਣ ਅਸੀਂ 13 ਫੀਸਦੀ ਦਰਿਆਈ ਪਾਣੀ ਵੱਧ ਵਰਤ ਰਹੇ ਹਾਂ ਜਿਸ ਨਾਲ ਪੰਜਾਬ ਦੀ ਉਮਰ ਲੰਬੀ ਹੋਵੇਗੀ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।