ਮਾਮਲਾ ਸ਼ੈਲਰ 'ਚ ਅਣ-ਅਧਿਕਾਰਿਤ ਤੌਰ 'ਤੇ ਲਗਾਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਦਾ; ਮਾਰਕੀਟ ਕਮੇਟੀ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਟਿੱਚ ਜਾਣਦਾ ਸ਼ੈਲਰ ਮਾਲਕ
ਮਾਰਕੀਟ ਕਮੇਟੀ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਟਿੱਚ ਜਾਣਦਾ ਸ਼ੈਲਰ ਮਾਲਕ
ਭੇਜੇ ਨੋਟਿਸ ਤੇ ਖਾਨਾ ਪੂਰਤੀ ਦੀ ਹਾਜ਼ਰੀ ਲਗਵਾ ਕੇ ਲਿਆ ਹੋਰ ਟਾਈਮ
ਦੀਪਕ ਜੈਨ
ਜਗਰਾਉਂ/16 ਮਈ 2025- : ਜਗਰਾਉਂ ਦੇ ਲਾਗਲੇ ਪਿੰਡ ਰਸੂਲਪੁਰ ਵਿਖੇ ਐਸ ਬੀ ਰਾਈਸ ਮਿਲ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹਜ਼ਾਰਾਂ ਦੇ ਕਰੀਬ ਕਣਕ ਦੀਆਂ ਬੋਰੀਆਂ ਡੰਪ ਕਰਨ ਦਾ ਮਾਮਲਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਾਨਾ ਪੂਰਤੀ ਦੀ ਕਾਰਵਾਈ ਅਤੇ ਸ਼ੈਲਰ ਮਾਲਕ ਵੱਲੋਂ ਮਾਰਕੀਟ ਕਮੇਟੀ ਦੇ ਨੋਟਿਸਾਂ ਨੂੰ ਟਿੱਚ ਜਾਣਨ ਦੇ ਚਲਦਿਆਂ ਫਿਲਹਾਲ ਦੀ ਘੜੀ ਤਾਂ ਠੰਡੇ ਬਸਤੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਮਾਰਕੀਟ ਦੇ ਲੇਖਾਕਾਰ ਪੱਬੀ ਵੱਲੋਂ ਬੀਤੇ ਦਿਨੀ ਸ਼ੈਲਰ ਮਾਲਕ ਨੂੰ ਲਿਖਤੀ ਨੋਟਿਸ ਭੇਜਣ ਦੇ ਨਾਲ ਨਾਲ ਉਸਦੇ ਈਮੇਲ ਤੇ ਵੀ ਨੋਟਿਸ ਭੇਜਿਆ ਗਿਆ ਸੀ। ਮਾਰਕੀਟ ਕਮੇਟੀ ਵੱਲੋਂ ਨੋਟਿਸ ਦੇ ਤੈਅ ਕੀਤੇ ਸਮੇਂ ਤੇ ਸੈਲਰ ਮਾਲਕ ਨੇ ਪਹੁੰਚ ਕੇ ਹੋਰ ਸਮਾਂ ਲੈ ਲਿਆ ਹੈ।
ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਖਾਨਾ ਪੂਰਤੀ ਦੇ ਲਈ ਮਾਰਕੀਟ ਨੂੰ ਕਮੇਟੀ ਵੱਲੋਂ ਨੋਟਿਸ ਦੇ ਤੈਅ ਕੀਤੇ ਗਏ ਸਮੇਂ ਤੇ ਸੈਲਰ ਮਾਲਕ ਪਹੁੰਚਿਆ ਤਾਂ ਜਰੂਰ ਪਰ ਉਸਨੇ ਹੋਰ ਸਮੇਂ ਦੀ ਮੰਗ ਕੀਤੀ ਅਤੇ ਮਾਰਕੀਟ ਕਮੇਟੀ ਵੱਲੋਂ ਵੀ ਬਿਨਾਂ ਕਿਸੇ ਕਾਰਵਾਈ ਜਾਂ ਕੋਈ ਉਸ ਤੋਂ ਜਵਾਬਦੇਈ ਲਏ ਉਸ ਨੂੰ ਅੱਗੇ ਸਮਾਂ ਵੀ ਦੇ ਦਿੱਤਾ ਜਿੱਥੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕਿੰਨੇ ਕ ਸੰਵੇਦਨਸ਼ੀਲ ਹਨ ਅਤੇ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਨ।
ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਜੇਕਰ ਇਹ ਮਾਮਲਾ ਇਸੇ ਤਰ੍ਹਾਂ ਕੀੜੀ ਦੀ ਚਾਲ ਦੀ ਕਾਰਵਾਈ ਤੇ ਚੱਲਦਾ ਰਿਹਾ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਸਾਲ ਅਤੇ ਕਿੰਨੇ ਕੁ ਸੀਜ਼ਨ ਲੰਘ ਜਾਣ ਦੇ ਮਗਰੋਂ ਵੀ ਨੋਟਿਸਾਂ ਦੇ ਸਿਰ ਤੇ ਹੀ ਚਲਦਾ ਰਹੇਗਾ ਅਤੇ ਅਜਿਹੇ ਸ਼ੈਲਰ ਮਾਲਕ ਸਰਕਾਰੀ ਹਦਾਇਤਾਂ ਦੀ ਦੁਰਵਰਤੋਂ ਕਰਦਿਆਂ ਅਧਿਕਾਰੀਆਂ ਦੀ ਮਦਦ ਨਾਲ ਬੁੱਲੇ ਲੁੱਟਦੇ ਰਹਿਣਗੇ।