“ਪੰਜ ਅਨਮੋਲ ਮੋਤੀਆਂ” ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਚੰਡੀਗੜ੍ਹ, 15 ਮਈ 2025 - ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਦੇ ਸਾਂਝੇ ਸਹਿਯੋਗ ਨਾਲ ਮਿਤੀ 17–5–2025 ਦਿਨ ਸ਼ਨੀਵਾਰ 10.15 ਵਜੇ ਸੈਣੀ ਭਵਨ ਸੈਕਟਰ-24 (ਸਾਹਮਣੇ ਬੱਤਰਾ ਥੀਏਟਰ) ਚੰਡੀਗੜ੍ਹ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਅਤੇ ਵਿਲੱਖਣ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਕਰਨਲ ਜਸਜੀਤ ਸਿੰਘ ਕਾਹਲੋਂ (ਸੇਵਾਮੁਕਤ) ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਪ੍ਰੇਮ ਵਿਜ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ, ਸਟੇਟ ਅਵਾਰਡੀ ਹਣਗੇ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰਸਿਧ ਲੇਖਕ ਅਤੇ ਸਮਾਜ ਸੇਵੀ ਭਾਈ ਸਮਿੰਦਰ ਸਿੰਘ ਭੱਕੂ ਮਾਜਰਾ ਕਰਨਗੇ।

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਮਹਿਤਪੁਰੀ, ਜਨਰਲ ਸਕੱਤਰ ਅਤੇ ਸ੍ਰੀ ਪ੍ਰੇਮ ਵਿਜ ਪ੍ਰਧਾਨ ਤੈ੍-ਭਾਸ਼ੀ ਸਾਹਿਤਕ ਮੰਚ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਸਟੇਟ ਅਵਾਰਡੀ ਅਤੇ ਸ਼ਾਂਤੀ ਦੂਤ ਅਵਾਰਡ ਜੇਤੂ ਦੇ ਪੰਜ ਮਾਣਮੱਤੇ ਵਿਦਿਆਰਥੀ, ਜਿਹਨਾਂ ਨੇ ਵੱਖ-ਵੱਖ ਫੀਲਡਾਂ ਵਿੱਚ ਕਮਾਲ ਦਾ ਕੰਮ ਕੀਤਾ ਹੈ ਨੂੰ “ਪੰਜ ਅਨਮੋਲ ਮੋਤੀ” ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਪੰਜ ਉੱਘੇ ਵਿਦਿਆਰਥੀਆਂ ਵਿੱਚ ਸ੍ਰ. ਹਰਜੀਤ ਸਿੰਘ, ਪ੍ਰਸਿੱਧ ਮੈਰਾਥਨ ਦੌੜਾਕ, ਗੁਰਕ੍ਰਿਪਾਲ ਸਿੰਘ ਸੂਰਾਪੁਰੀ, ਪ੍ਰਸਿੱਧ ਪੰਜਾਬੀ ਗਾਇਕ, ਬਾਬਾ ਬਲਬੀਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੁਫ਼ਤ ਲੰਗਰ ਲਗਾਉਣ ਵਾਲੇ, ਪਰਵਿੰਦਰ ਸਿੰਘ ਆਰਟਿਸਟ, ਸਿੱਖ ਅਜਾਇਬ ਘਰ ਬਲੌਂਗੀ ਦੇ ਨਿਰਮਾਤਾ ਅਤੇ ਪ੍ਰਸਿੱਧ ਰੰਗ ਕਰਮੀ, ਭੰਗੜਾ ਮਾਹਰ, ਸਟੇਟ ਅਵਾਰਡੀ ਅੰਡਰ ਸੈਕਟਰੀ ਇੰਡਸਟਰੀ ਪੰਜਾਬ ਦੇਵਿੰਦਰ ਸਿੰਘ ਜੁਗਨੀ ਸ਼ਾਮਲ ਹਨ। ਪ੍ਰਿੰ. ਗੋਸਲ ਨੇ ਦੱਸਿਆ ਕਿ ਉਹ ਇਹਨਾਂ ਪੰਜ “ਪੰਜ ਅਨਮੋਲ ਮੋਤੀਆਂ” ਤੇ ਬਹੁਤ ਮਾਣ ਕਰਦੇ ਹਨ। ਇਸ ਮੌਕੇ ਦੂਰੋ–ਨੇੜੀਓ ਪੁੱਜੇ ਕਵੀਆਂ ਅਤੇ ਲੇਖਕਾਂ ਵੱਲੋਂ ਆਪਣੀ ਰਚਨਾਵਾਂ ਨਾਲ ਕਵੀ ਦਰਬਾਰ ਵਿੱਚ ਰੰਗ ਬੰਨ੍ਹਿਆ ਜਾਵੇਗਾ। ਇਸ ਕਵੀ ਦਰਬਾਰ ਵਿਚ ਟ੍ਰਾਈਸਿਟੀ ਦੇ ਪ੍ਰਮੁੱਖ ਕਵੀ ਅਤੇ ਸਾਹਿਤਕਾਰ ਭਾਗ ਲੈਣਗੇ।