ਬਠਿੰਡਾ: CIA ਸਟਾਫ ਨੇ ਚੁੱਕੀ ਗੋਗਾ ਬਾਬਾ ਵੱਲੋਂ ਲਿਆਂਦੀ ਦੋ ਕੁਇੰਟਲ ਭੁੱਕੀ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2025: ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਕੁਇੰਟਲ ਭੁੱਕੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਰਾਮਾ ਮੰਡੀ ਵਿਖੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸਫਲਤਾ ਸੀਆਈਏ ਸਟਾਫ ਦੋ ਨੂੰ ਮਿਲੀ ਹੈ। ਕਣਕ ਦਾ ਸੀਜ਼ਨ ਹੁਣ ਸ਼ੁਰੂ ਹੋਣ ਤੋਂ ਐਨ ਪਹਿਲਾਂ ਇਸ ਵੱਡੀ ਬਰਾਮਦਗੀ ਨੂੰ ਪੁਲਿਸ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਭੁੱਕੀ ਬਰਾਮਦ ਹੋਣ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਹਨ ਕਿਉਂਕਿ ਕਣਕ ਦੀ ਵਾਢੀ ਦੌਰਾਨ ਅਕਸਰ ਭੁੱਕੀ ਦੀ ਮੰਗ ਵੱਧ ਜਾਂਦੀ ਹੈ ਅਤੇ ਜਹਾਜ਼ ਖੇਤਾਂ ਵਿੱਚ ਹੀ ਉਤਰਨ ਲੱਗ ਜਾਂਦੇ ਹਨ। ਖਾਸ ਤੌਰ ਤੇ ਹਰਿਆਣਾ ਨਾਲ ਲੱਗਦੀ ਸੀਮਾ ਵਾਲਾ ਇਲਾਕਾ ਤਾਂ ਭੁੱਕੀ ਦੀ ਤਸਕਰੀ ਦੇ ਮਾਮਲੇ ਵਿੱਚ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਇਸ ਸਬੰਧ ਵਿੱਚ ਗੁਪਤ ਸੂਚਨਾ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਸੂਚਨਾ ਵਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਇੰਦਰਜੀਤ ਸਿੰਘ ਉਰਫ ਗੋਗਾ ਬਾਬਾ ਪੁੱਤਰ ਬਲਦੇਵ ਸਿੰਘ ਵਾਸੀ ਜੰਡਾਂਵਾਲਾ ਮੀਰਾ ਸਾਂਗਲਾ, ਜਿਲ੍ਹਾ ਫਾਜਿਲਕਾ ਹਾਲ ਅਬਾਦ ਸਾਹਮਣੇ ਟ੍ਰੀੂਟਮੈਂਟ ਪਲਾਂਟ ਬਾਹੱਦ ਰਾਮਾਂ ਮੰਡੀ ਵਿਖੇ ਇੱਕ ਗੈਸ ਟਰੱਕ ਤੇ ਡਰਾਇਵਰੀ ਕਰਦਾ ਹੈ ਅਤੇ ਰਾਮਾ ਮੰਡੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ਤੇ ਗੋਗਾ ਬਾਬਾ ਨੂੰ ਗ੍ਰਿਫਤਾਰ ਕਰਕੇ ਦੋ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਬੀਕਾਨੇਰ ਰਾਜਸਥਾਨ ਦੇ ਕਿਸੇ ਢਾਬੇ ਤੋਂ ਇਹ ਭੁੱਕੀ ਲਿਆਇਆ ਸੀ । ਉਨ੍ਹਾਂ ਦੱਸਿਆ ਕਿ ਮੁਲਜਮ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਭੁੱਕੀ ਉਸ ਵੱਲੋਂ ਅੱਗੇ ਪਰਚੂਨ ਵਿੱਚ ਵੇਚੀ ਜਾਣੀ ਸੀ।ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਅਤੇ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਮੁਲਜਿਮ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।