ਲੈ ਦੱਸੋ ਤਾਂ ? ਏਦਾਂ ਦੇ ਵੀ ਹੁੰਦੇ ਘੁਟਾਲੇ: ਨਿਊਜ਼ੀਲੈਂਡ ’ਚ ਅੰਤਿਮ ਸੰਸਕਾਰ ਲਾਈਵ ਵਿਖਾਉਣ ਲਈ ਮੰਗਦੇ ਨੇ ਡਾਲਰ
-ਬਣਦੇ ਨੇ ਜਾਅਲੀ ਵੈਬ ਲਿੰਕ, ਬਚਣ ਦੀ ਅਪੀਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 07 ਫਰਵਰੀ 2025:-ਨਿਊਜ਼ੀਲੈਂਡ ਦੇ ਵਿਚ ਇਕ ਹੋਰ ਨਵੇਂ ਘੁਟਾਲੇ ਤੋਂ ਲੋਕਾਂ ਨੂੰ ਅਗਾਹ ਕੀਤਾ ਗਿਆ ਕਿ ਘੁਟਾਲੇਬਾਜਾਂ ਦਾ ਇਕ ਗ੍ਰੋਹ ਅੰਤਿਮ ਸੰਸਕਾਰ ਵੇਲੇ ਕੀਤੇ ਜਾਣ ਵਾਲੇ ਲਾਈਵ ਸਟ੍ਰੀਮ ਦੇ ਲਈ ਜਾਅਲੀ ਲਿੰਕ ਬਣਾ ਕੇ ਲੋਕਾਂ ਤੋਂ ਡਾਲਰ ਮੰਗੇ ਜਾਂਦੇ ਹਨ ਤਾਂ ਕਿ ਉਹ ਅੰਤਿਮ ਸੰਸਕਾਰ ਲਾਈਵ ਵੀ ਵੇਖਣ ਸਕਣ। ਅੰਤਿਮ ਸੰਸਕਾਰ ਘਰਾਂ ਦੇ ਨਿਰਦੇਸ਼ਕਾਂ ਨੇ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਅਜਿਹੇ ਘੁਟਾਲਿਆਂ ਤੋਂ ਬਚਿਆ ਜਾਵੇ। ਜਿਆਦਾਤਰ ਇਹ ਘੁਟਾਲਾ ਉਚ ਅਹੁਦਿਆਂ ਜਾਂ ਹਾਈ ਪ੍ਰੋਫਾਈਲ ਵਾਲੀਆਂ ਸਖਸ਼ੀਅਤਾਂ ਦੇ ਅੰਤਿਮ ਸੰਸਕਾਰ ਦੇ ਲਈ ਕੀਤਾ ਜਾਂਦਾ ਹੈ। ਮਾਰਚ 2024 ਵਿੱਚ ਮਰਹੂਮ ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਏਫੇਸੋ ਕੋਲਿਨਜ਼, ਅਤੇ ਜਨਵਰੀ ਵਿੱਚ ਡੇਮ ਤਾਰੀਆਨਾ ਟੁਰੀਆ ਦੀ ਟਾਂਗੀ ਦੇ ਅੰਤਿਮ ਸੰਸਕਾਰ ਵੇਲੇ ਅਜਿਹਾ ਹੋ ਚੁੱਕਿਆ ਹੈ। ਹੁਣ ਅਜਿਹੇ ਅਪਰਾਧੀ ਦੇਸ਼ ਭਰ ਵਿੱਚ ਲੋਕਾਂ ਦੇ ਅੰਤਿਮ ਸੰਸਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਨੈਲਸਨ ਦੇ ਅੰਤਿਮ ਸੰਸਕਾਰ ਨਿਰਦੇਸ਼ਕ ਅਲਿਸਟੇਅਰ ਹੇਬਰਡ ਨੇ ਕਿਹਾ ਕਿ ਉਨ੍ਹਾਂ ਦੇ ਗਾਹਕਾਂ ਨੂੰ ਵੀ ਪਹਿਲੀ ਵਾਰ ਇੱਕ ਸਾਲ ਪਹਿਲਾਂ ਨਿਸ਼ਾਨਾ ਬਣਾਇਆ ਗਿਆ ਸੀ। ਘੁਟਾਲੇਬਾਜ਼ਾਂ ਨੇ ਇਸ ਲਾਈਵ ਪ੍ਰੋਗਰਾਮ ਲਈ ਇੱਕ ਜਾਅਲੀ ਪੰਨਾ ਬਣਾਇਆ, ਦੋਸਤੀ ਬੇਨਤੀਆਂ ਭੇਜੀਆਂ ਅਤੇ ਫਿਰ ਪਰਿਵਾਰ ਅਤੇ ਦੋਸਤਾਂ ਤੋਂ ਸਟ੍ਰੀਮ ਦੇਖਣ ਲਈ ਪੈਸੇ ਮੰਗੇ। ਪਰਿਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਬੰਧਿਤ ਪਰਿਵਾਰ ਅੰਤਿਮ ਸੰਸਕਾਰ ਦੇ ਲਈ ਆਪ ਲਿੰਕ ਭੇਜਣ। ਸੰਭਾਵਨਾ ਹੈ ਕਿ ਅਜਿਹਾ ਕਰਨ ਵਾਲੇ ਵਿਦੇਸ਼ ਦੇ ਵਿਚ ਰਹਿੰਦੇ ਹੋਣ।