ਜੋ ਫਿਲਮਾਂ ਫਿਰਕਾਪ੍ਰਸਤੀ ਫੈਲਾਉਂਦੀਆਂ ਹੋਣ ਉਨ੍ਹਾਂ ਦਾ ਸਮੁੱਚੇ ਰੂਪ ‘ਚ ਬਾਈਕਾਟ ਹੋਣਾ ਚਾਹੀਦਾ: ਬਾਬਾ ਬਲਬੀਰ ਸਿੰਘ
ਬਾਬੂਸ਼ਾਹੀ ਬਿਊਰੋ
ਸ੍ਰੀ ਮੁਕਤਸਰ ਸਾਹਿਬ:- 18 ਜਨਵਰੀ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖ ਧਰਮ ਦੇ ਸਿੱਧਾਂਤ ਅਤੇ ਇਤਿਹਾਸ ਸਾਡੇ ਲਈ ਪਵਿੱਤਰ ਹਨ। ਭਾਰਤੀ ਫਿਲਮ ਜਗਤ ਦੀ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਤੋਂ ਐਮ ਪੀ ਕੰਗਣਾ ਰਣੋਤ ਦੀ ਫਿਲਮ ਵਿੱਚ ਸਿੱਖ ਵਿਰੋਧੀ ਸੰਦਰਭਾ ਦੀ ਅੰਸ਼ਤਾ ਹੈ, ਫਿਲਮ ਐਮਰਜੈਂਸੀ `ਤੇ ਪੂਰਨ ਤੌਰ ਤੇ ਰੋਕ ਲਗਣੀ ਚਾਹੀਦੀ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖ਼ਤ ਨਿੰਦਿਆਂ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਵੀ ਇਸ ਮਸਲੇ `ਤੇ ਧਿਆਨ ਦਿਵਾਇਆ ਗਿਆ ਸੀ, ਪਰ ਅਫ਼ਸੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਨੂੰ ਅਣਗੋਲਿਆ ਕੀਤਾ।
ਇਹ ਕਾਰਵਾਈ ਨਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜਕ ਸਹਿਜਤਾ ਤੇ ਪੰਜਾਬ ਦੀ ਏਕਤਾ ਨੂੰ ਵੀ ਖ਼ਤਰੇ ਵਿੱਚ ਪਾਉਂਦੀ ਹੈ। ਸਿੱਖ ਧਰਮ ਦੇ ਇਤਿਹਾਸ ਅਤੇ ਸਿੱਧਾਂਤਾਂ ਦੇ ਖਿਲਾਫ਼ ਫਿਲਮ ਵਿੱਚ ਇਕ ਜਿੰਮੇਵਾਰ ਹਸਤੀ ਵੱਲੋਂ ਇਸ ਤਰਾਂ ਦਰਸਾਉਣ ਨੂੰ ਅਣਦੇਖਿਆ ਨਹੀਂ ਕੀਤੀ ਜਾ ਸਕਦਾ। ਕੰਗਣਾ ਰਣੌਤ ਦੀ ਇਸ ਫਿਲਮ ਵਿੱਚ ਸਿੱਖਾਂ ਨੂੰ ਇੱਕ ਫਿਰਕਾਪ੍ਰਸਤੀ ਵਜੋਂ ਦਰਸਾਇਆ ਗਿਆ ਹੈ, ਜੋ ਇਤਿਹਾਸਕ ਤੱਥਾਂ ਦੇ ਖਿਲਾਫ਼ ਹੈ। ਸਿੱਖ ਧਰਮ ਹਮੇਸ਼ਾ ਮਨੁੱਖਤਾ, ਨਿਆਂ ਅਤੇ ਭਾਈਚਾਰਕ ਦਾ ਪੱਖਪਾਤੀ ਰਿਹਾ ਹੈ। ਇਥੇ ਹੀ ਬੱਸ ਨਹੀਂ ਸਿੱਖ ਪੰਥ ਦੀਆਂ ਸਤਿਕਾਰਯੋਗ, ਮਹਾਨ ਹਸਤੀਆਂ ਦੇ ਜੀਵਨ ਨੂੰ ਤੌਹੀਨਜਨਕ ਸਾਂਝ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਬਿਲਕੁਲ ਵਿਪਰੀਤ ਜਾਣਕਾਰੀ ਪੇਸ਼ ਕੀਤੀ ਗਈ ਹੈ ਜੋ ਕਿ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਦਾ ਨਿਰਾਦਰ ਹੈ। ਸਿੱਖ ਧਰਮ ਨੇ ਸਦੀਆਂ ਤੋਂ ਸਮਾਜਿਕ ਸਾਂਝ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਹੈ। ਫਿਲਮ ਵਿੱਚ ਦਿੱਤੇ ਗਏ ਸੰਦਰਭ ਫਿਰਕਾਪ੍ਰਸਤੀ ਨੂੰ ਉਕਸਾਉਣ ਵਾਲੇ ਹਨ ਅਤੇ ਇਹ ਸਿੱਖੀ ਦੇ ਮੁੱਢਲੀ ਮੂਲ ਭਾਵਨਾ ਦੇ ਹੀ ਵਿਰੁੱਧ ਹਨ। ਅਸੀਂ ਸਿੱਖ ਪੰਥ, ਧਰਮ ਪ੍ਰੇਮੀਆਂ ਅਤੇ ਪੰਜਾਬ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਫਿਲਮਾਂ, ਜੋ ਫਿਰਕਾਪ੍ਰਸਤੀ ਫੈਲਾਉਂਦੀਆਂ ਹਨ ਜਾਂ ਕਿਸੇ ਧਰਮ ਦਾ ਨਿਰਾਦਰ ਕਰਦੀਆਂ ਹਨ, ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹ ਸਿਰਫ ਸਿੱਖ ਧਰਮ ਦਾ ਹੀ ਮਸਲਾ ਨਹੀਂ, ਸਗੋਂ ਸਾਡੇ ਪੰਜਾਬ ਦੀ ਸਾਂਝ ਅਤੇ ਸੱਭਿਆਚਾਰ ਦੀ ਰੱਖਿਆ ਦਾ ਵੀ ਪ੍ਰਸ਼ਨ ਹੈ।