ਸੂਬੇ ਅੰਦਰ ਪੈ ਰਹੀ ਠੰਡ ਕਾਰਨ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਕਰਨ ਦੀ ਮੰਗ: ਮਾਸਟਰ ਕੇਡਰ ਯੂਨੀਅਨ
ਚੰਡੀਗੜ੍ਹ, 14 ਜਨਵਰੀ 2026- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਅਤੇ ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ ਦੁਆਰਾ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਜੱਥੇਬੰਦੀ ਵੱਲੋਂ ਵਿਭਾਗ ਦੁਆਰਾ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਨਾ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਹੈ , ਕਿਉਂ ਜੋ ਅਗਲੇ ਮਹੀਨੇ ਤੋਂ ਬੋਰਡ ਦੀਆਂ ਕਲਾਸਾਂ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਬੱਚਿਆਂ ਦੀ ਰਿਵੀਜ਼ਨ ਹੋਣੀ ਜਰੂਰੀ ਹੈ । ਪ੍ਰੰਤੂ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ ਸੂਬੇ ਅੰਦਰ ਤਾਪਮਾਨ ਵਿੱਚ ਗਿਰਾਵਟ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ । ਜਿਸ ਕਾਰਨ ਦੂਰ ਦੁਰਾਡੇ ਤੋਂ ਪੜ੍ਹ ਰਹੇ ਬੱਚਿਆਂ ਨੂੰ ਸਕੂਲ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਸ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਘੱਟ ਰਹਿੰਦੀ ਹੈ।
ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸਮਾਂ ਤਬਦੀਲੀ ਵਿੱਚ ਦੇਰੀ ਕੀਤੀ ਜਾਂਦੀ ਰਹੀ ਹੈ , ਜਿਸ ਕਾਰਨ ਕਈ ਅਣ ਸੁਖਾਵੀਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ । ਇਸ ਮੌਕੇ ਮੌਜੂਦ ਯੂਨੀਅਨ ਦੇ ਆਗੂਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਤ ਸਕੱਤਰ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਪ੍ਰੈੱਸ ਸਕੱਤਰ ਮਨੋਜ ਕੁਮਾਰ, ਜ਼ਿਲ੍ਹਾ ਮਹਿਲਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਕੌਰ, ਜਸਵੀਰ ਕੌਰ , ਸੁਪਰਜੀਤ ਕੌਰ , ਮਨਜੀਤ ਕੌਰ, ਸ਼ੁਸ਼ਮਾ ਸ਼ਰਮਾ, ਰੁਪਿੰਦਰ ਕੌਰ , ਬਲਾਕ ਪ੍ਰਧਾਨ ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਖੰਨਾ, ਨਵੀਨ ਕਪਿਲਾ, ਹਰਵਿੰਦਰ ਸਿੰਘ ਪੁੜੈਣ, ਜਗਮੀਤ ਸਿੰਘ, ਸਿਮਰਜੋਤ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਕਰਨ ਦੀ ਮੰਗ ਕੀਤੀ ਗਈ।