Punjab ਦੀ ਧੀ ਨੇ ਗੱਡੇ ਝੰਡੇ: ਲਾਈਨਮੈਨ ਦੀ ਧੀ ਰਸਨੀਤ ਕੌਰ ਨੇ ਪਹਿਲੀ ਕੋਸ਼ਿਸ਼ ਵਿੱਚ UPSC ਪ੍ਰੀਖਿਆ ਕੀਤੀ ਪਾਸ
ਹਾਸਲ ਕੀਤਾ 51ਵਾਂ ਰੈਂਕ
ਰਾਜਪੁਰਾ/ਪਟਿਆਲਾ, 7 ਮਾਰਚ, 2026 : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਬਲਾਕ ਅਧੀਨ ਪੈਂਦੇ ਪਿੰਡ ਮਦਨਪੁਰ ਦੀ 22 ਸਾਲਾ ਰਸਨੀਤ ਕੌਰ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕਰਕੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਰਸਨੀਤ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਪਹਿਲੀ ਹੀ ਕੋਸ਼ਿਸ਼ ਵਿੱਚ ਆਲ ਇੰਡੀਆ ਪੱਧਰ 'ਤੇ 51ਵਾਂ ਰੈਂਕ ਹਾਸਲ ਕਰਕੇ ਇਹ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਰਸਨੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ ਬਨੂੜ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਬਤੌਰ ਲਾਈਨਮੈਨ ਸੇਵਾਵਾਂ ਨਿਭਾ ਰਹੇ ਹਨ।
ਰਸਨੀਤ ਦੀ ਇਸ ਪ੍ਰਾਪਤੀ ਦੀ ਖਾਸ ਗੱਲ ਇਹ ਹੈ ਕਿ ਉਸ ਨੇ ਕਿਸੇ ਵੱਡੇ ਕੋਚਿੰਗ ਸੈਂਟਰ ਦੀ ਮਦਦ ਲੈਣ ਦੀ ਬਜਾਏ ਸਵੈ-ਅਧਿਐਨ ਯਾਨੀ ਸੈਲਫ-ਸਟੱਡੀ 'ਤੇ ਭਰੋਸਾ ਜਤਾਇਆ। ਉਸ ਦੀ ਇਸ ਸਫ਼ਲਤਾ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪਿੰਡ ਮਦਨਪੁਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਇਸ ਹੋਣਹਾਰ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਮੰਜ਼ਿਲ ਵੀ ਆਸਾਨੀ ਨਾਲ ਸਰ ਕੀਤੀ ਜਾ ਸਕਦੀ ਹੈ। ਇਲਾਕੇ ਦੀਆਂ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਰਸਨੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Click to Follow Babushahi Facebook page →