Poletics Special ਮਾਘੀ ਕਾਨਫਰੰਸ ਦੌਰਾਨ ਭਾਜਪਾ ਨੇ ‘ਵੰਝ ਬਰਾਬਰ ਗੱਡਾਂਗੇ’ ਨਾਲ ਠੋਕੀ ਪੰਜਾਬ ’ਚ ਸਿਆਸੀ ਤਾਲ
ਅਸ਼ੋਕ ਵਰਮਾ
ਬਠਿੰਡਾ, 14 ਜਨਵਰੀ 2026: ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮਾਘੀ ਮੇਲੇ ਤੋਂ ਭਾਰਤੀ ਜੰਤਾ ਪਾਰਟੀ ਨੇ ‘ਵੰਝ ਬਰਾਬਰ ਗੱਡਾਂਗੇ’ ਨਾਲ ਸਿਆਸੀ ਤਾਲ ਠੋਕੀ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਬਿਗਲ ਵਜਾਇਆ। ਪੰਜਾਬ ਵਾਸੀਆਂ ਨੂੰ ਪੰਡਾਲ ’ਚ ਬੰਨ੍ਹਕੇ ਰੱਖਣ ਲਈ ਲੋਕ ਗਾਇਕ ਲਾਭ ਹੀਰਾ ਨੂੰ ਸੱਦਿਆ ਗਿਆ ਸੀ ਜਿਨ੍ਹਾਂ ਨੇ ਭਾਜਪਾ ਆਗੂਆਂ ਦੀ ਹਦਾਇਤ ਤੇ ਕਈ ਸਾਲ ਪਹਿਲਾਂ ਗਾਇਆ ਆਪਣਾ ਗੀਤ‘ ਮੋਹ ਤੋੜ ਲਿਆ ਮੁੱਖ ਮੋੜ ਲਿਆ ਸਾਨੂੰ ਛੱਡ ਅੱਲ੍ਹੜੇ ਬੇਕਦਰੇ ਗੈਰਾਂ ਨਾਲ ਨਾਤਾ ਜੋੜ ਲਿਆ, ਹੁਣ ਤੇਰੀ ਜਿੱਦ ਨਾਲ ਕੀ ਕੰਡੇ ਕੱਢਾਂਗੇ ਤੂੰ ਜੋ ਵੀ ਕਰਨਾ ਕਰਲੈ ਵੰਝ ਬਰਾਬਰ ਗੱਡਾਂਗੇ’ ਪੂਰੀ ਸੁਰ ਤਾਲ ਅਤੇ ਜੋਸ਼ ਨਾਲ ਸੁਣਾਇਆ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ‘ ਲਾਭ ਹੀਰੇ ਨੇ ਸਿਰਫ ਗੀਤ ਹੀ ਨਹੀਂ ਗਾਇਆ ਬਲਕਿ ਸਟੇਜ ਤੋਂ ਇਹ ਗੱਲ ਦੱਸੀ ਵੀ ਕਿ ਉਸ ਨੂੰ ਵੰਝ ਬਰਾਬਰ ਗੱਡਾਂਗੇ ਗੀਤ ਗਾਉਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।
ਜਦੋਂ ਲਾਭ ਹੀਰੇ ਨੂੰ ਗਾਉਣ ਲਈ ਸੱਦਿਆ ਤਾਂ ਉਦੋ ਭਾਸ਼ਣਬਾਜੀ ਰੋਕ ਦਿੱਤੀ ਗਈ। ਲਾਭ ਹੀਰੇ ਨੇ ਗੀਤ ਗਾਉਂਦਿਆਂ ਸਟੇਜ ਵੱਲ ਝਾਤੀ ਮਾਰੀ ਤਾਂ ਉੱਥੇ ਬੈਠੇ ਭਾਜਪਾ ਆਗੂਆਂ ਦਾ ਅੰਦਾਜ਼ ਜੇਤੂਆਂ ਵਾਲਾ ਸੀ। ਸਟੇਜ ਤੇ ਬੈਠਾ ਭਾਜਪਾ ਦਾ ਇੱਕ ਚੋਟੀ ਦਾ ਆਗੂ ਤਾਂ ਲਗਾਤਾਰ ਮੰਦ ਮੰਦ ਮੁਸਕਰਾਉਂਦਾ ਨਜ਼ਰ ਆਇਆ। ਜੋ ਸ਼ਾਇਦ ਸੋਚ ਰਿਹਾ ਸੀ ਕਿ ਜੋ ਉਹ ਕਹਿਣਾ ਚਾਹੁੰਦਾ ਸੀ ਉਹ ਲਾਭ ਹੀਰੇ ਨੇ ਆਖ ਦਿੱਤਾ। ਅਜੇ ਇਹ ਗੀਤ ਚੱਲ ਹੀ ਰਿਹਾ ਸੀ ਤਾਂ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਮੁਸਕਰਾਉਂਦੇ ਸਟੇਜ ਤੇ ਪੁੱਜੇ। ਰੌਚਕ ਗੱਲ ਇਹ ਹੈ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ੇ ਵੀ ਆਪਣੇ ਅੰਦਾਜ਼ ’ਚ ਬੋਲੇ, ਮੈਂ ਬੜੀ ਨਿਮਰਤਾ ਨਾਲ ਕਹੂੰਗਾ ਪਰ ਕਹੂੰਗਾ ਸਾਡੇ ਵਿਰੋਧੀਆਂ ਨੂੰ ਜਿੰਨਾਂ ਕਰਨਾ ਕਰਲੈ ਵੰਝ ਬਰਾਬਰ ਗੱਡੂੰਗਾ। ਇਹ ਬੀਜੇਪੀ ਦਾ ਸੰਦੇਸ਼ ਹੈ , ਜਿੰਨਾਂ ਕਰਨਾ ਕਰਲੈ ਵੰਝ ਬਰਾਬਰ ਗੱਡੂੰਗਾ -ਵੰਝ ਵੱਡਾ ਗੱਡੂੰਗਾ ਛੋਟਾ ਨਹੀਂ ਗੱਡਦੇ ।
ਹਾਲਾਂਕਿ ਇਸ ਮੌਕੇ ਸਿਆਸੀ ਭਾਸ਼ਣਬਾਜੀ ਵੀ ਹੋਈ ਅਤੇ ਵੱਡੀ ਪੱਧਰ ਦੀ ਦੂਸ਼ਣਬਾਜੀ ਵੀ ਭਾਰੂ ਰਹੀ ਪਰ ਸਮੁੱਚੀ ਪੜਚੋਲ ਤੋਂ ਪਤਾ ਲਗਦਾ ਹੈ ਕਿ ਨਵਾਂ ਸਾਲ ਚੜ੍ਹਦੇ ਹੀ ਭਗਵਾ ਪਾਰਟੀ ਪੰਜਾਬ ਵਿੱਚ ਸਿਆਸੀ ਰੌਂਅ ’ਚ ਆ ਗਈ ਹੈ। ਭਾਜਪਾ ਨੇ ਪਹਿਲੀ ਵਾਰ ਇਕੱਲੇ ਤੌਰ ਤੇ ਮਾਘੀ ਮੇਲੇ ਮੌਕੇ ਸਿਆਸੀ ਕਾਨਫ਼ਰੰਸ ਕੀਤੀ ਹੈ ਜਿਸ ’ਚ ਆਸ ਨਾਲੋਂ ਵੱਧ ਇਕੱਠ ਹੋਇਆ ਜੋ ਲਾਗਲੇ ਜਿਲਿ੍ਹਆਂ ਚੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਭਾਜਪਾ ਦੀ ਇਸ ਤਰਾਂ ਹੋਈ ਵਾਪਸੀ ਨੇ ਭਾਜਪਾਈਆਂ ਦੇ ਹੌਸਲੇ ਵਧਾ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਭਾਜਪਾ ਨੇ ਪੰਜਾਬ ਵਿੱਚ ਸਿਆਸੀ ਸ਼ਰੀਕ ਬਣਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ, ਜਿੱਥੇ ਅੱਜ ਤੱਕ ਕਦੇ ਬੀਜੇਪੀ ਦੇ ਇਕੱਲਿਆਂ ਕਦੇ ਪੈਰ ਨਹੀਂ ਲੱਗੇ ਹਨ। ਗੌਰਤਲਬ ਹੈ ਕਿ ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਵਿੱਚ ਸਿਆਸੀ ਪੈਰ ਮਜ਼ਬੂਤ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਅੰਦਰਖਾਤੇ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ।
ਇਸੇ ਦੇ ਮੱਦੇਨਜ਼ਰ ਭਾਜਪਾ ਵੱਲੋਂ ਸਿੱਖ ਚਿਹਰੇ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੀ ਸਿਆਸਤ ਵਿੱਚ ਮੋਹਰੀ ਰੱਖਿਆ ਜਾ ਰਿਹਾ ਹੈ ਜਿੰਨ੍ਹਾਂ ਅੱਜ ਸਟੇਜ ਤੋਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸੇ ਸਦਕਾ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਮਜ਼ਬੂਤੀ ਨਾਲ ਸਰਕਾਰ ਬਣਾਕੇ ਰਹੇਗੀ। ਪੰਜਾਬ ਵਿੱਚ ਭਾਜਪਾ ਦਾ ਸ਼ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ ਜੋ ਖੇਤੀ ਕਾਨੂੰਨਾਂ ਕਾਰਨ ਟੁੱਟ ਗਿਆ ਸੀ। ਭਾਜਪਾ ਨੇ 2022 ਵਿਧਾਨ ਸਭਾ ਚੋਣਾਂ ਸਾਬਕਾ ਮੁੱਖ ਮੰਤਰੀ ਕੈੈਪਟਨ ਅਤੇ ਢੀਡਸਾ ਨਾਲ ਅਤੇ 2024 ਲੋਕ ਸਭਾ ਚੋਣਾਂ ਇਕੱਲੇ ਲੜੀਆਂ ਸਨ। ਸਾਲ 2022 ਵਿੱਚ ਭਾਜਪਾ ਦੇ ਪੱਲੇ ਸਿਰਫ਼ ਇੱਕ ਸੀਟ ਪਈ ਸੀ ਅਤੇ ਵੋਟ ਪ੍ਰਤੀਸ਼ਤ 6.6 ਰਿਹਾ ਸੀ। ਸਾਲ 2024 ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ ਭਾਜਪਾ ਦੇ ਪੱਲੇ ਕੋਈ ਸੀਟ ਨਹੀਂ ਪਈ ਸੀ, ਪਰ ਵੋਟ ਫ਼ੀਸਦ ਤਿੰਨ ਗੁਣਾ ਵਧ ਕੇ 18.56 ਫ਼ੀਸਦ ’ਤੇ ਪਹੁੰਚ ਗਿਆ ਸੀ।
ਜੈ ਸ਼੍ਰੀ ਰਾਮ ਨਾਅਰਾ ਗਾਇਬ
ਭਾਜਪਾ ਦੀ ਮਾਘੀ ਕਾਨਫਰੰਸ ਦੌਰਾਨ ਪਾਰਟੀ ਵੱਲੋਂ ਹੋਰਨਾਂ ਖਾਸ ਤੌਰ ਤੇ ਹਿੰਦੂ ਬਹੁਲਤਾ ਵਾਲੇ ਸੂਬਿਆਂ ’ਚ ਲਾਇਆ ਜਾਣਾ ਵਾਲਾ ਨਾਅਰਾ ‘ ਜੈ ਸ਼੍ਰੀ ਰਾਮ’ ਪੂਰੀ ਤਰਾਂ ਗਾਇਬ ਰਿਹਾ ਅਤੇ ਹਰ ਛੋਟੇ ਵੱਡੇ ਲੀਡਰ ਨੇ ਸਿਰਫ ਤੇ ਸਿਰਫ ਸਿੱਖ ਇਤਿਹਾਸ ਸਬੰਧੀ ਗੱਲ ਕੀਤੀ। ਬੇਸ਼ੱਕ ਪੰਡਾਲ ’ਚ ਬੈਠੇ ਲੋਕਾਂ ’ਚ ਹਿੰਦੂ ਭਾਈਚਾਰੇ ਦੀ ਗਿਣਤੀ ਕਾਫੀ ਸੀ ਪਰ ਭਾਜਪਾ ਆਗੂ ਸਿਰਫ ਸਿੱਖ ਮੁੱਦਿਆਂ ਤੱਕ ਸੀਮਤ ਰਹੇ। ਭਾਜਪਾ ਆਗੂ ਤਰੁਣ ਚੁੱਘ ਨੇ 84 ਕਤਲੇਆਮ ਅਤੇ ਇਸ ਦੌਰਾਨ ਹੋਈਆਂ ਵਿਧਵਾਵਾਂ ਨੂੰ ਲੈਕੇ ਕਾਂਗਰਸ ਖਾਸ ਤੌਰ ਤੇ ਗਾਂਧੀ ਪ੍ਰੀਵਾਰ ਤਾਂ ਇਲਾਵਾ ਪੰਜਾਬ ਲੀਡਰਸ਼ਿਪ ਦੀ ਘੇਰਾਬੰਦੀ ਕੀਤੀ।
ਬੰਦੀ ਸਿੱਖਾਂ ਪ੍ਰਤੀ ਭਾਜਪਾ ਚੁੱਪ
ਮਾਘੀ ਕਾਨਫਰੰਸ ਦੇ ਮੁੱਖ ਬੁਲਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਆਪਣੇ ਸੂਬੇ ’ਚ ਕਿਸਾਨਾਂ ਨੂੰ 24 ਫਸਲਾਂ ਤੇ ਐਮਐਸਪੀ ਵੱਖ ਵੱਖ ਸਹੂਲਤਾਂ ਦੇਣ ਤੋਂ ਇਲਾਵਾ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਕਾਫੀ ਗੁਣਗਾਣ ਤਾਂ ਕੀਤਾ ਪਰ ਪੰਜਾਬ ਦੇ ਸਭ ਤੋਂ ਭਖਦੇ ਮੁੱਦੇ ਬੰਦੀ ਸਿੱਖਾਂ ਦੀ ਰਿਹਾਈ ਤੇ ਪੂਰੀ ਤਰਾਂ ਚੁੱਪ ਵੱਟੀ ਰੱਖੀ। ਉਨਾਂ ਆਪਣੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਇਆ ਅਤੇ ਸ਼ਬਦਾਂ ਦੀ ਜਾਦੂਗਰੀ ਨਾਲ ਭਾਜਪਾ ਸਰਕਾਰ ਬਨਾਉਣ ਦਾ ਸੱਦਾ ਦਿੱਤਾ।