ਲੁਧਿਆਣਾ: ਵਾਪਰਿਆ ਵੱਡਾ ਹਾਦਸਾ, ਕਣਕ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁੱਲ ਦੀ ਕੰਧ ਨਾਲ ਟਕਰਾਇਆ
ਸੁਖਮਿੰਦਰ ਭੰਗੂ
ਲੁਧਿਆਣਾ 15 ਫਰਵਰੀ 2026
ਲੁਧਿਆਣਾ ਦੇ ਰੁਝੇਵੇਂ ਭਰੇ ਭਾਰਤ ਨਗਰ ਚੌਂਕ ਦੇ ਉੱਪਰ ਬਣੇ ਪੁੱਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ ਟਲ ਗਿਆ। ਇਸ ਭਿਆਨਕ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਦੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ, ਐਫਸੀਆਈ (FCI) ਮੁੱਲਾਂਪੁਰ ਤੋਂ ਕਣਕ ਦੀਆਂ ਬੋਰੀਆਂ ਨਾਲ ਭਰਿਆ ਇੱਕ ਟਰੱਕ ਤਾਜਪੁਰ ਰੋਡ ਵੱਲ ਜਾ ਰਿਹਾ ਸੀ। ਜਿਵੇਂ ਹੀ ਟਰੱਕ ਪੁੱਲ ਤੋਂ ਬੱਸ ਸਟੈਂਡ ਵਾਲੇ ਪਾਸੇ ਮੁੜਨ ਲੱਗਾ, ਤਾਂ ਅਚਾਨਕ ਚਾਲਕ ਤੋਂ ਸੰਤੁਲਨ ਵਿਗੜ ਗਿਆ।
ਹੇਠਾਂ ਚੱਲ ਰਹੀ ਆਵਾਜਾਈ 'ਤੇ ਡਿੱਗੀਆਂ ਬੋਰੀਆਂ
ਸੰਤੁਲਨ ਵਿਗੜਨ ਕਾਰਨ ਟਰੱਕ ਪੁਲ ਦੀ ਕੰਧ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਵਿੱਚ ਲੱਦੀਆਂ ਕਣਕ ਦੀਆਂ ਬੋਰੀਆਂ ਪੁਲ ਦੇ ਹੇਠਾਂ ਚੱਲ ਰਹੀ ਆਵਾਜਾਈ ਉੱਪਰ ਆ ਡਿੱਗੀਆਂ। ਇਸ ਦੌਰਾਨ ਥੱਲਿਓਂ ਲੰਘ ਰਹੀਆਂ ਦੋ ਕਾਰਾਂ ਬੋਰੀਆਂ ਦੀ ਲਪੇਟ ਵਿੱਚ ਆ ਗਈਆਂ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਤਫਤੀਸ਼ੀ ਅਫਸਰ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ, ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।