Flood Breaking : ਸਤਲੁਜ ਦਰਿਆ ਦੇ ਬੰਨ੍ਹ 'ਚ ਪਿਆ ਵੱਡਾ ਪਾੜ
ਬਲਜੀਤ ਸਿੰਘ
ਪੱਟੀ, ਤਰਨਤਾਰਨ , 16 ਅਗਸਤ 2025 - ਪਿੰਡ ਸਭਰਾ ਦੇ ਨਜ਼ਦੀਕ ਸਤਲੁਜ ਦਰਿਆ ਦੇ ਬੰਨ੍ਹ ਵਿੱਚ ਕਰੀਬ 10 ਫੁੱਟ ਦਾ ਪਾੜ ਪੈਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਾ ਮਿਲਣ ਕਾਰਨ ਲੋਕਾਂ ਨੇ ਖੁਦ ਹੀ ਮੋਰਚਾ ਸੰਭਾਲ ਲਿਆ ਹੈ। ਉਹ ਮਿੱਟੀ ਪਾ ਕੇ ਅਤੇ ਦਰਖਤ ਕੱਟ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਲੋਕਾਂ ਨੇ ਦੱਸਿਆ ਕਿ 2023 ਵਿੱਚ ਵੀ ਇਸੇ ਜਗ੍ਹਾ 'ਤੇ ਬੰਨ੍ਹ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਸੀ। ਜੇਕਰ ਇਸ ਵਾਰ ਬੰਨ੍ਹ ਟੁੱਟਦਾ ਹੈ, ਤਾਂ ਨਾ ਸਿਰਫ਼ ਫਸਲਾਂ ਦਾ ਨੁਕਸਾਨ ਹੋਵੇਗਾ, ਬਲਕਿ ਕਈ ਪਿੰਡ ਵੀ ਪਾਣੀ ਦੀ ਮਾਰ ਹੇਠ ਆ ਜਾਣਗੇ ਅਤੇ ਲੋਕਾਂ ਦੇ ਘਰ ਵੀ ਢਹਿ ਜਾਣਗੇ।
ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧੇ ਨੂੰ 10 ਦਿਨ ਹੋ ਗਏ ਹਨ ਅਤੇ ਇਸ ਸਬੰਧੀ ਲਗਾਤਾਰ ਖ਼ਬਰਾਂ ਵੀ ਲੱਗ ਰਹੀਆਂ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਨੇ ਸਰਕਾਰ 'ਤੇ ਕਿਸਾਨ ਅਤੇ ਲੋਕ ਵਿਰੋਧੀ ਹੋਣ ਦਾ ਦੋਸ਼ ਲਾਇਆ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ, ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੋਹਨ ਸਿੰਘ ਸਭਰਾ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।