Flood Alert : DC ਵੱਲੋਂ ਬੰਨ ‘ਤੇ ਪੱਥਰ ਲਾਉਣ ਦੇ ਕੰਮ ਨੂੰ ਮੁਕੰਮਲ ਕਰਨ ਦੇ ਨਿਰਦੇਸ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਜੁਲਾਈ 2025
ਸਤਲੁਜ ਦਰਿਆ ’ਚ ਪਾਣੀ ਦੇ ਵਹਾਅ ਤੋਂ ਬੰਨ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਸਬੰਧਤ ਅਧਿਕਾਰੀਆਂ ਸਮੇਤ ਬਲਾਚੌਰ ਸਬ ਡਵੀਜ਼ਨ ’ਚ ਦਰਿਆ ਦੇ ਬੰਨ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਰੈਲ ਮਾਜਰਾ ਵਿਖੇ ਚੱਲ ਰਹੇ ਪੱਥਰ ਲਾਉਣ ਦੇ ਕੰਮ ਨੂੰ 15 ਜੁਲਾਈ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਰੈਲ ਮਾਜਰਾ ਕੰਪਲੈਕਸ ਵਿਖੇ ਪਹੁੰਚ ਕੇ ਜਾਇਜ਼ਾ ਲੈਂਦਿਆਂ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਪੱਥਰ ਲਾਉਣ ਦੇ ਕੰਮ ਦੀ ਪ੍ਰਗਤੀ ਬਾਰੇ ਰੈਗੂਲਰ ਜਾਣਕਾਰੀ ਲਈ ਜਾਵੇ ਤਾਂ ਜੋ ਮਿਥੇ ਸਮੇਂ ਵਿੱਚ ਇਹ ਕਾਰਜ ਮੁਕੰਮਲ ਹੋ ਸਕੇ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਰੈਲ ਮਾਜਰਾ ਕੰਪਲੈਕਸ ਵਿਖੇ ਸਤਲੁਜ ਦਰਿਆ ਦੇ ਬੰਨ ‘ਤੇ ਦੋ ਥਾਂਵਾਂ ‘ਤੇ ਪੱਥਰ ਲਾਉਣ ਦਾ ਕੰਮ ਚੱਲ ਰਿਹਾ ਹੈ ਜਿਸ ‘ਤੇ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਕੰਮ ਮੁਕੰਮਲ ਹੋਣ ਨਾਲ ਬੰਨ ਨੂੰ ਨਵੀਂ ਮਜ਼ਬੂਤੀ ਮਿਲਣ ਦੇ ਨਾਲ-ਨਾਲ ਲਾਗਲੇ ਪਿੰਡਾਂ ਨੂੰ ਹੜ੍ਹਾਂ ਦੀ ਸਥਿਤੀ ਤੋਂ ਨਿਯਾਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਰੈਲ ਮਾਜਰਾ ਚੋਅ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਅ ਵਿੱਚ ਪਾਣੀ ਦਾ ਵਹਾਅ ਕਿਸੇ ਵੀ ਹਾਲਤ ਵਿੱਚ ਰੁਕਣਾ ਨਹੀਂ ਚਾਹੀਦਾ ਤਾਂ ਜੋ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕਾਠਗੜ੍ਹ ਚੋਅ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਉਂਦੇ 10 ਦਿਨਾਂ ਵਿੱਚ ਚੋਅ ਦੀ ਡੀ-ਸਿਲਟਿੰਗ ਕਰਵਾਈ ਜਾਵੇ ਜਿਸ ਨਾਲ ਪਾਣੀ ਦੇ ਵਹਾਅ ਦੀ ਲਗਾਤਾਰਤਾ ਨੂੰ ਹੋਰ ਸੁਚੱਜਾ ਬਣਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਚੋਅ ਵਿਚੋਂ ਰੇਤਾ ਕਢਵਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਆਉਂਦੇ ਦੋ ਹਫ਼ਤਿਆਂ ਦੇ ਵਿੱਚ-ਵਿੱਚ ਮੁਕੰਮਲ ਹੋਵੇਗਾ ਅਤੇ ਇਸ ਤੋਂ ਸਰਕਾਰ ਨੂੰ ਬਣਦਾ ਮਾਲੀਆ ਵੀ ਹਾਸਲ ਹੋਵੇਗਾ। ਉਨ੍ਹਾਂ ਨੇ ਟੌਂਸਾ ਚੋਅ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਅੰਕੁਰਜੀਤ ਸਿੰਘ ਨੇ ਪਿੰਡ ਔਲੀਆਪੁਰ ਵਿਖੇ ਪਹੁੰਚ ਕੇ ਬੰਨ ਦੀ ਸੁਰੱਖਿਆ ਲਈ ਸਟੋਨ ਸਟੱਡ ਦੇ ਕੰਮ ਦੀ ਤਜਵੀਜ਼ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ 70 ਲੱਖ ਰੁਪਏ ਲਾਗਤ ਨਾਲ ਹੋਣ ਵਾਲੇ ਇਸ ਕੰਮ ਦੀ ਟੈਂਡਰ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਟੈਂਡਰ ਲਗਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੈਂਡਰ ਪ੍ਰਕਿਰਿਆ ਖਤਮ ਹੋਣ ਉਪਰੰਤ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੰਨ ਦੇ ਨੇੜਲੇ ਪਿੰਡਾਂ ਅਤੇ ਇਲਾਕਿਆਂ ਦੇ ਵਸਨੀਕਾਂ ਦੀ ਸਹੂਲਤ ਲਈ ਬੰਨ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਬਲਾਚੌਰ ਦੇ ਐਸ.ਡੀ.ਐਮ. ਇੰਦਰਪਾਲ ਸਿੰਘ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਵੀ ਮੌਜੂਦ ਸਨ।