Earthquake News : 6 ਦੇਸ਼ਾਂ 'ਚ ਇੱਕੋ ਸਮੇਂ ਮਹਿਸੂਸ ਹੋਏ ਤੇਜ਼ ਝਟਕੇ, ਲੋਕਾਂ 'ਚ ਦਹਿਸ਼ਤ
ਬਾਬੂਸ਼ਾਹੀ ਬਿਊਰੋ
ਸਿਲੀਗੁੜੀ/ਗੁਹਾਟੀ, 14 ਸਤੰਬਰ: ਅਸਾਮ ਵਿੱਚ ਐਤਵਾਰ ਸ਼ਾਮ 4:41 ਵਜੇ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ । ਇਸ ਭੂਚਾਲ ਦਾ ਕੇਂਦਰ (Epicenter) ਅਸਾਮ ਦੇ ਧੇਕੀਆਜੁਲੀ ਤੋਂ 16 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ । ਭੂਚਾਲ ਦੇ ਝਟਕਿਆਂ ਦਾ ਅਸਰ ਇੰਨਾ ਤੇਜ਼ ਸੀ ਕਿ ਇਹ ਭਾਰਤ ਤੋਂ ਇਲਾਵਾ 5 ਹੋਰ ਦੇਸ਼ਾਂ ਵਿੱਚ ਵੀ ਮਹਿਸੂਸ ਕੀਤਾ ਗਿਆ।
ਇਨ੍ਹਾਂ ਦੇਸ਼ਾਂ ਤੱਕ ਮਹਿਸੂਸ ਹੋਏ ਝਟਕੇ
ਇਸ ਭੂਚਾਲ ਦਾ ਅਸਰ ਕਾਫ਼ੀ ਵਿਆਪਕ ਰਿਹਾ। ਭਾਰਤ ਤੋਂ ਇਲਾਵਾ ਇਸਦੇ ਝਟਕੇ ਨੇਪਾਲ, ਬੰਗਲਾਦੇਸ਼, ਭੂਟਾਨ, ਮਿਆਂਮਾਰ ਅਤੇ ਚੀਨ ਤੱਕ ਮਹਿਸੂਸ ਕੀਤੇ ਗਏ । ਪੱਛਮੀ ਬੰਗਾਲ ਦੇ ਸਿਲੀਗੁੜੀ ਅਤੇ ਉੱਤਰੀ ਬੰਗਾਲ ਦੇ ਕਈ ਇਲਾਕਿਆਂ ਵਿੱਚ ਵੀ ਲੋਕਾਂ ਨੇ ਤੇਜ਼ ਝਟਕੇ ਮਹਿਸੂਸ ਕੀਤੇ, ਜਿਸ ਤੋਂ ਬਾਅਦ ਉਹ ਦਹਿਸ਼ਤ ਵਿੱਚ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ ।
ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਅਚਾਨਕ ਆਏ ਇਨ੍ਹਾਂ ਤੇਜ਼ ਝਟਕਿਆਂ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਕਈ ਥਾਵਾਂ 'ਤੇ ਲੋਕ ਘਬਰਾ ਕੇ ਖੁੱਲ੍ਹੀਆਂ ਥਾਵਾਂ ਵੱਲ ਭੱਜਦੇ ਹੋਏ ਦੇਖੇ ਗਏ। ਹਾਲਾਂਕਿ, ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
MA