Channi ਵਿਵਾਦ 'ਤੇ ਰੰਧਾਵਾ ਦੀ ਦੋ-ਟੁੱਕ: "ਸਾਨੂੰ ਵਿਵਾਦ ਖ਼ਤਮ ਕਰਨਾ ਚਾਹੀਦਾ, ਘਰ 'ਚ ਤਾਂ ਭਾਂਡੇ ਖੜਕਦੇ ਹੀ ਰਹਿੰਦੇ ਨੇ"
ਚੰਡੀਗੜ੍ਹ 20 ਜਨਵਰੀ 2026- ਪੰਜਾਬ ਕਾਂਗਰਸ ਵਿੱਚ 'ਜੱਟ ਬਨਾਮ ਦਲਿਤ' ਨੂੰ ਲੈ ਕੇ ਛਿੜੇ ਕਾਟੋ-ਕਲੇਸ਼ ਦਰਮਿਆਨ ਹੁਣ ਸਾਬਕਾ ਉਪ-ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਨੇ ਪਾਰਟੀ ਦੇ ਅੰਦਰੂਨੀ ਮਤਭੇਦਾਂ ਨੂੰ ਸਵੀਕਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਸੀਹਤ ਵੀ ਦਿੱਤੀ ਹੈ। ਰੰਧਾਵਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਬਹੁਤ ਵਧੀਆ ਅਤੇ ਕਾਬਲ ਲੀਡਰ ਹਨ, ਪਰ ਉਨ੍ਹਾਂ ਨੂੰ ਵਾਰ-ਵਾਰ ਵਿਵਾਦਾਂ (Controversies) ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।
ਪਾਰਟੀ ਵਿੱਚ ਚੱਲ ਰਹੀ ਖਿੱਚੋਤਾਣ 'ਤੇ ਉਨ੍ਹਾਂ ਕਿਹਾ, "ਹਰ ਘਰ ਵਿੱਚ ਭਾਂਡੇ ਤਾਂ ਖੜਕਦੇ ਹੀ ਰਹਿੰਦੇ ਹਨ," ਪਰ ਇਸ ਦਾ ਮਤਲਬ ਇਹ ਨਹੀਂ ਕਿ ਪਾਰਟੀ ਵਿੱਚ ਕੋਈ ਫੁੱਟ ਹੈ। ਉਨ੍ਹਾਂ ਕਿਹਾ ਕਿ ਛੋਟੇ-ਮੋਟੇ ਮਤਭੇਦ ਹਰ ਜਗ੍ਹਾ ਹੁੰਦੇ ਹਨ। ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਇਸ ਵਿਵਾਦ ਨੂੰ ਵਧਾਉਣ ਦਾ ਨਹੀਂ, ਸਗੋਂ ਮਿਲ ਕੇ ਖ਼ਤਮ ਕਰਨ ਦਾ ਹੈ ਤਾਂ ਜੋ 2027 ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਵੱਲੋਂ ਪਾਰਟੀ ਅੰਦਰ ਦਲਿਤ ਨੁਮਾਇੰਦਗੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਲੀਡਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ। ਚੰਨੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਪਾਰਟੀ ਦੇ ਕੁਝ ਆਗੂ ਇਸ ਨੂੰ ਜਾਤੀਵਾਦ ਦੀ ਸਿਆਸਤ ਦੱਸ ਰਹੇ ਸਨ।