Big Update: ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 'ਚ ਉੱਤਰੇਗਾ ਇੱਕ ਹੋਰ ਅਮਰੀਕੀ ਜਹਾਜ਼
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਫਰਵਰੀ 2025- ਅਮਰੀਕਾ ਤੋਂ ਕੱਢੇ ਗਏ ਹੋਰ ਭਾਰਤੀਆਂ ਦਾ ਜਹਾਜ਼ ਜਲਦ ਯੂ.ਐੱਸ ਆਰਮੀ ਲੈ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਹੈ ਕਿ 15 ਫਰਵਰੀ ਅਤੇ 16 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਭਾਰਤ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 15 ਫਰਵਰੀ ਨੂੰ ਭਾਰਤ ਪਹੁੰਚਣ ਵਾਲੇ ਡਿਪੋਰਟ ਹੋਏ ਭਾਰਤੀਆਂ ਦੀ ਗਿਣਤੀ ਲਗਭਗ 120 ਦੱਸੀ ਜਾ ਰਹੀ ਹੈ, ਹਾਲਾਂਕਿ ਸੂਚਨਾ ਇਹ ਵੀ ਹੈ ਕਿ ਇਸ ਵਿੱਚ ਬਹੁਤੇ ਪੰਜਾਬੀ ਹਨ। ਜਦੋਂਕਿ 16 ਫਰਵਰੀ ਨੂੰ ਭਾਰਤ ਆਉਣ ਵਾਲੇ ਅਮਰੀਕੀ ਜਹਾਜ਼ ਵਿੱਚ ਕਿੰਨੇ ਭਾਰਤੀ ਹੋਣਗੇ, ਇਸ ਬਾਰੇ ਕੋਈ ਗਿਣਤੀ ਸਪੱਸ਼ਟ ਨਹੀਂ ਹੋ ਸਕੀ।
ਇੱਥੇ ਜਿਕਰ ਕਰਨਾ ਇਹ ਵੀ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿੱਚ ਅਮਰੀਕੀ ਫ਼ੌਜੀ ਜਹਾਜ਼ ਉਤਾਰੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਆਪਣੀਆਂ ਨਕਾਮੀਆਂ ਛੁਪਾਉਣ ਵਾਸਤੇ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੇਂਦਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਹਰਪਾਲ ਚੀਮਾ
ਅੱਜ ਕੀਤੀ ਪ੍ਰੈਸ ਕਾਨਫ਼ਰੰਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੋਸ਼ ਲਗਾਇਆ ਕਿ ਡਿਪੋਰਟ ਹੋਏ ਭਾਰਤੀਆਂ ਦੀਆਂ ਉਡਾਣਾਂ ਅੰਮ੍ਰਿਤਸਰ ਵਿੱਚ ਉਤਾਰਨਾ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਹਾਜ਼ ਨੂੰ ਹਰਿਆਣਾ ਜਾਂ ਫਿਰ ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਦੀ ਛਵੀ ਨੂੰ ਖ਼ਰਾਬ ਕਰਨ ਦੀ ਇਹ ਕੋਝੀ ਸਾਜ਼ਿਸ਼ ਹੈ।