Babushahi Special ਲੱਖ ਟਕੀਆ ਵੱਢੀਖੋਰੀ ਮਾਮਲਾ: ਵਿਜੀਲੈਂਸ ਵੱਲੋਂ ਡੀਐਸਪੀ ਤੇ ਮਿਹਰਬਾਨ ਹੋਣ ਦੀ ਚੁੰਝ ਚਰਚਾ
ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2025: ਜ਼ਮੀਨ ਵਿਵਾਦ ਸੰਬੰਧੀ ਦਰਜ ਹੋਏ ਪਰਚੇ ’ਚੋਂ ਪਿਓ ਤੇ 2 ਪੁੱਤਾਂ ਦੇ ਨਾਮ ਕਢਵਾਉਣ ਦੇ ਮਾਮਲੇ ’ਚ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗ੍ਰਿਫਤਾਰ ਰੀਡਰ ਰਾਜ ਕੁਮਾਰ ਦੇ ਮਾਮਲੇ ’ਚ ਹੁਣ ਵਿਜੀਲੈਂਸ ਵੱਲੋਂ ਡੀਐਸਪੀ ਖਿਲਾਫ ਐਕਸ਼ਨ ਦੀ ਥਾਂ ਮਿਹਰਬਾਨ ਹੋਣ ਦੀ ਚੁੰਝ ਚਰਚਾ ਛਿੜ ਗਈ ਹੈ। ਗ੍ਰਿਫਤਾਰ ਰੀਡਰ ਰਾਜ ਕੁਮਾਰ ਨੂੰ ਰਿਮਾਂਡ ਖਤਮ ਹੋਣ ਉਪਰੰਤ ਅੱਜ ਅਦਾਲਤ ’ਚ ਪੇਸ਼ ਕਰਕੇ ਇੱਕ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਮੰਗ ਮੰਨਣ ਦੀ ਥਾਂ ਮੁਲਜਮ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਡੀਐਸਪੀ ਨੂੰ ਤਲਬ ਕੀਤਾ ਜਾ ਸਕਦਾ ਹੈ ਪਰ ਹੁਣ ਇਸ ਤੇ ਪ੍ਰਸ਼ਨ ਚਿੰਨ ਲੱਗਦਾ ਨਜ਼ਰ ਆ ਰਿਹਾ ਹੈ। ਕਾਰ ਚੋਂ ਪੈਸੇ ਬਰਾਮਦ ਹੋਣ ਦੇ ਬਾਵਜੂਦ ਡੀਐਸਪੀ ਨੂੰ ਤਫਤੀਸ਼ ਵਿੱਚ ਸ਼ਾਮਲ ਨਾਂ ਕਰਨ ਕਰਕੇ ਵਿਜੀਲੈਂਸ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਅਧਿਕਾਰੀਆਂ ਨੇ ਫਿਲਹਾਲ ਚੁੱਪ ਵੱਟੀ ਹੋਈ ਹੈ। ਸੂਤਰ ਦੱਸਦੇ ਹਨ ਕਿ ਰੀਡਰ ਰਾਜ ਕੁਮਾਰ ਤੋਂ ਰਿਮਾਂਡ ਦੌਰਾਨ ਹੋਈ ਪੁੱਛ ਪੜਤਾਲ ਦੌਰਾਨ ਵਿਜੀਲੈਂਸ ਦੇ ਹੱਥ ਕਾਫੀ ਕੁੱਝ ਲੱਗਿਆ ਹੈ ਜੋ ਡੀਐਸਪੀ ਭੁੱਚੋ ਦੀ ਇਸ ਮਾਮਲੇ ’ਚ ਕਥਿਤ ਸ਼ਮੂਲੀਅਤ ਵੱਲ ਇਸ਼ਾਰਾ ਕਰਦਾ ਨਜ਼ਰ ਆਉਂਦਾ ਹੈ ਪਰ ਅਦਾਲਤੀ ਫੈਸਲਾ ਇੱਕ ਤਰਾਂ ਵਿਜੀਲੈਂਸ ਲਈ ਝਟਕੇ ਵਾਂਗ ਹੈ। ਮਹੱਤਵਪੂਰਨ ਇਹ ਵੀ ਹੈ ਕਿ ਵਿਜੀਲੈਂਸ ਅਧਿਕਾਰੀ ਡੀਐਸਪੀ ਦੀ ਕਾਰ ਸਬੰਧੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਜਦੋਂ ਵਿਜੀਲੈਂਸ ਨੇ ਛਾਪਾ ਮਾਰਿਆ ਤਾਂ ਰਿਸ਼ਵਤ ਦੀ ਰਾਸ਼ੀ ਡੀਐਸਪੀ ਦੀ ਗੱਡੀ ਚੋਂ ਬਰਾਮਦ ਹੋਈ ਸੀ ਜਿਸ ਕਰਕੇ ਇਹ ਮਾਮਲਾ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਨੂੰ ਜਦੋਂ ਇਸ ਕਾਰ ਦੇ ਕੇਸ ਪ੍ਰਾਪਰਟੀ ਹੋਣ ਜਾਂ ਨਾਂ ਹੋਣ ਸਬੰਧੀ ਸਵਾਲ ਕੀਤਾ ਤਾਂ ਉਹ ਕੁੱਝ ਵੀ ਬੋਲਣ ਤੋਂ ਟਾਲਾ ਵੱਟਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਸਪਸ਼ਟ ਜਵਾਬ ਦੇਣ ਦੀ ਥਾਂ ਫੋਨ ਕੱਟ ਦਿੱਤਾ।
ਲੋਕਾਂ ਦਾ ਕਹਿਣਾ ਸੀ ਕਿ ਵਿਜੀਲੈਂਸ ਨੂੰ ਇਹ ਗੱਲ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਰਿਸ਼ਵਤ ਦੀ ਰਕਮ ਡੀਐੱਸਪੀ ਦੀ ਕਾਰ ਵਿੱਚ ਹੀ ਕਿਉਂ ਰੱਖੀ ਗਈ ਜਦੋਂਕਿ ਉਹ ਕਿਤੇ ਹੋਰ ਵੀ ਰੱਖ ਸਕਦਾ ਸੀ। ਲੋਕ ਆਖਦੇ ਹਨ ਕਿ ਪੈਸੇ ਕਾਰ ਵਿੱਚ ਰੱਖੇ ਜਾਣ ਤੋਂ ਜ਼ਾਹਿਰ ਹੈ ਕਿ ਇਹ ਕਥਿਤ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਜਾਪਦਾ ਹੈ। ਲੋਕਾਂ ਨੇ ਸਵਾਲ ਚੁੱਕੇ ਹਨ ਕਿ ਇੱਕ ਹੌਲਦਾਰ ਆਪਣੇ ਅਫਸਰ ਦੀ ਜਾਣਕਾਰੀ ਤੋਂ ਬਿਨਾਂ ਰਿਸ਼ਵਤ ਵਜੋਂ ਲੱਖ ਰੁਪਿਆ ਲੈਣ ਦੀ ਜੁਰਅਤ ਕਿਸ ਤਰਾਂ ਕਰ ਸਕਦਾ ਹੈ। ਇਕੱਲੇ ਰੀਡਰ ਦੀ ਗ੍ਰਿਫਤਾਰੀ ਕਾਰਨ ਚਰਚਾ ਸੀ ਕਿ ਵਿਜੀਲੈਂਸ ਨੇ ਸਾਹਿਬ ਨੂੰ ਬਖਸ਼ ਦਿੱਤਾ ਹੈ ਅਤੇ ਕਾਰਵਾਈ ਹੁਣ ਸਿਰਫ ਰੀਡਰ ਤੱਕ ਹੀ ਸੀਮਤ ਰਹਿਣ ਵਾਲੀ ਹੈ ਜੋ ਸੱਚ ਸਾਬਤ ਹੋਈ ਹੈ। ਜਾਣਕਾਰੀ ਅਨੁਸਾਰ ਡੀਐੱਸਪੀ ਭੁੱਚੋ ਆਪਣੇ ਦਫ਼ਤਰ ਵੀ ਨਹੀਂ ਆ ਰਹੇ ਹਨ ਜੋਕਿ ਦੇ ਮਹਿਲਾ ਥਾਣੇ ਵਿੱਚ ਸਥਿਤ ਹੈ। ਡੀਐਸਪੀ ਭੁੱਚੋ ਨੇ ਛੁੱਟੀ ਵਗ਼ੈਰਾ ਲਈ ਹੈ ਜਾਂ ਨਹੀਂ ਇਹ ਵੀ ਭੇਦ ਬਣਿਆ ਹੋਇਆ ਹੈ।
ਇਹ ਹੈ ਰਿਸ਼ਵਤਖੋਰੀ ਮਾਮਲਾ
ਦੱਸ ਦਈਏ ਕਿ ਨਥਾਣਾ ਨੇੜਲੇ ਪਿੰਡ ਕਲਿਆਣ ਸੁੱਖਾ ਵਾਸੀ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਤੋਂ ਉਸ ਦੇ ਪਤੀ ਅਤੇ ਦੋਵਾਂ ਲੜਕਿਆਂ ਤੇ ਜਮੀਨੀ ਵਿਵਾਦ ਨੂੰ ਲੈਕੇ ਦਰਜ ਮੁਕੱਦਮਾ ਚੋਂ ਕੱਢਣ ਲਈ ਰਾਜ ਕੁਮਾਰ ਨੇ ਡੀਐਸਪੀ ਲਈ ਪੰਜ ਲੱਖ ਦੀ ਮੰਗ ਕੀਤੀ ਸੀ ਜਿਸ ਦਾ ਸੌਦਾ ਦੋ ਲੱਖ ’ਚ ਹੋਇਆ ਸੀ। ਇਕ ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ, ਜਦੋਂ ਪਰਮਜੀਤ ਕੌਰ ਡੀਐੱਸਪੀ ਭੁੱਚੋ ਦੇ ਦਫ਼ਤਰ ਪਹੁੰਚੀ ਤਾਂ ਪਹਿਲਾਂ ਤੋਂ ਹੀ ਘਾਤ ਲਗਾਕੇ ਬੈਠੀ ਵਿਜੀਲੈਂਸ ਨੇ ਰੀਡਰ ਰਾਜ ਕੁਮਾਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਹੌਲਦਾਰ ਰਾਜ ਕੁਮਾਰ ਨੇ ਰਿਸ਼ਵਤ ਦੀ ਰਾਸ਼ੀ ਡੀਐਸਪੀ ਦੀ ਕਾਰ ਚੋਂ ਬਰਾਮਦ ਕਰਵਾਈ ਸੀ।
ਵਿਜੀਲੈਂਸ ਦੇ ਕਬਜੇ ਹੇਠ ਕਾਰ
ਵਿਜੀਲੈਂਸ ਦੀ ਇੰਸਪੈਕਟਰ ਰਾਜਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਰੀਡਰ ਰਾਜ ਕੁਮਾਰ ਨੂੰ ਅਦਾਲਤ ’ਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਮੁਲਜਮ ਨੂੰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਦੀ ਕਾਰ ਵਿਜੀਲੈਂਸ ਦੇ ਕਬਜੇ ਹੇਠ ਹੈ ਅਤੇ ਮਾਮਲੇ ਦੀ ਡੂੰਘਾਈ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਹੋਰ ਜਿਆਦਾ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਲਈ ਅਸ਼ੁਭ ਲੱਖ ਦਾ ਅੰਕੜਾ
ਪੰਜਾਬ ਪੁਲਿਸ ਲਈ ਲੱਖ ਰੁਪਏ ਰਿਸ਼ਵਤ ਦਾ ਅੰਕੜਾ ਅਸ਼ੁਭ ਮੰਨਿਆ ਜਾਣ ਲੱਗਾ ਹੈ। ਡੀਐਸਪੀ ਭੁੱਚੋ ਦਾ ਰੀਡਰ ਲੱਖ ਰੁਪਿਆ ਲੈਂਦਾ ਗ੍ਰਿਫਤਾਰ ਹੋਇਆ ਹੈ ਤਾਂ ਅੱਜ ਡੀਐਸਪੀ ਫਰੀਦਕੋਟ ਦੀ ਗ੍ਰਿਫਤਾਰੀ ਵੀ ਲੱਖ ਰੁਪਏ ਦੇ ਅੰਕੜੇ ਕਾਰਨ ਹੋਈ ਹੈ। ਕਾਫੀ ਸਮਾਂ ਪਹਿਲਾਂ ਇੱਕ ਪੁਲਿਸ ਮੁਲਾਜਮ ਨੂੰ 50 ਹਜ਼ਾਰ ਰਿਸ਼ਵਤ ਲੈਣ ਮੌਕੇ ਫੜ੍ਹਿਆ ਸੀ ਤਾਂ ਉਦੋਂ ਚਰਚਾ ਛਿੜੀ ਸੀ ਕਿ ਮੰਗ ਇੱਕ ਲੱਖ ਰੁਪਏ ਦੀ ਸੀ ਜਿਸ ਦੀ ਇਹ ਪਹਿਲੀ ਕਿਸ਼ਤ ਸੀ ਪਰ ਅਗਲੀ ਕਿਸ਼ਤ ਤੋਂ ਪਹਿਲਾਂ ਵਿਜੀਲੈਂਸ ਪੁੱਜ ਗਈ । ਪੁਰਾਣਾ ਰਿਕਾਰਡ ਖੰਘਾਲੀਏ ਤਾਂ ਪਤਾ ਲੱਗੇਗਾ ਕਿ ਲੱਖ ਦੇ ਅੰਕੜੇ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਕਈ ਮੁਲਾਜਮਾਂ ਨੂੰ ਕਈ ਵਾਰ ਕਸੂਤੀ ਸਥਿਤੀ ’ਚ ਫਸਾਇਆ ਹੈ।