Babushahi Special ਕੀ ਕਾਂਗਰਸ ਦਾ ਪੰਜਾ ਨਗਰ ਨਿਗਮ ਬਠਿੰਡਾ ’ਚ ਡਾਹ ਸਕੇਗਾ ਆਪਣਾ ‘ਸਿਆਸੀ ਮੰਜਾ’
ਅਸ਼ੋਕ ਵਰਮਾ
ਬਠਿੰਡਾ, 9 ਜਨਵਰੀ 2026:ਕੀ ਸਾਲ 2021 ਦੀਆਂ ਚੋਣਾਂ ਮੌਕੇ 50 ਵਾਰਡਾਂ ਚੋਂ 43 ’ਚ ਜਿੱਤ ਹਾਸਲ ਕਰਕੇ ਨਗਰ ਨਿਗਮ ਤੇ ਕਾਬਜ ਗਠਜੋੜ ਨੂੰ ਸੱਤਾ ਤੋਂ ਬਾਹਰ ਕਰਨ ਵਾਲੀ ਕਾਂਗਰਸ ਅਗਾਮੀ ਚੋਣਾਂ ਦੌਰਾਨ ਆਪਣੀ ਛਤਰ ਛਾਇਆ ਬਹਾਲ ਰੱਖ ਸਕੇਗੀ ਜੋ ਇੱਕ ਤਰਾਂ ਕੰਡਿਆਂ ਦੀ ਸੇਜ ਵਿਛਾਉਣ ਵਾਂਗ ਹੈ। ਪਿਛੋਕੜ ’ਚ ਜਿਸ ਤਰਾਂ ਦੇ ਹਾਲਾਤ ਬਣੇ ਰਹੇ ਹਨ ਉਨ੍ਹਾਂ ਨੂੰ ਦੇਖਦਿਆਂ ਤਾਂ ਇਹੋ ਜਾਪਦਾ ਹੈ ਪਰ ਇਸ ਮੌਕੇ ਤਾਂ ਕਈ ਵਾਰਡਾਂ ’ਚ ਕਾਂਗਰਸੀ ਉਮੀਦਵਾਰ ਵਿਰੋਧੀਆਂ ਨੂੰ ਪਈਆਂ ਵੋਟਾਂ ਤੋਂ ਵੀ ਵੱਧ ਦੇ ਫਰਕ ਨਾਲ ਜਿੱਤੇ ਸਨ। ਹਾਲਾਂਕਿ ਨਗਰ ਨਿਗਮ ਦੀ ਫਰਵਰੀ ’ਚ ਮਿਆਦ ਖਤਮ ਹੋਣ ਮਗਰੋਂ ਚੋਣ ਜਾਬਤਾ ਲੱਗਣ ਤੋਂ ਬਾਅਦ ਸਿਆਸੀ ਬੈਂਗਣੀ ਕਿਸ ਤਰਾਂ ਦਾ ਉਘੜਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ 2021 ਵਰਗਾ ਇੱਕ ਤਰਫਾ ਬਹੁਮੱਤ ਕਾਂਗਰਸ ਲਈ ਵੱਡੀ ਚੁਣੌਤੀ ਬਣਨਾ ਤੈਅ ਹੈ।
ਇਸ ਮਾਮਲੇ ’ਚ ਸਭ ਤੋਂ ਵੱਡਾ ਮਾਰਕਾ ਮੌਜੂਦਾ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 24 ਤੋਂ ਤੱਤਕਾਲੀ ਕਾਂਗਰਸੀ ਉਮੀਦਵਾਰ ਸ਼ਾਮ ਲਾਲ ਜੈਨ ਨੇ ਮਾਰਿਆ ਸੀ। ਇਸ ਮੌਕੇ ਜੈਨ ਨੂੰ 2250 ਵੋਟਾਂ ਪਈਆਂ ਸਨ ਜਦੋਂਕਿ ਉਨ੍ਹਾਂ ਦਾ ਵਿਰੋਧੀ ਆਪ ਉਮੀਦਵਾਰ ਅਸ਼ੋਕ ਕੁਮਾਰ ਮਸਾਂ 703 ਵੋਟਾਂ ਹੀ ਲਿਜਾ ਸਕਿਆ ਅਤੇ ਫਰਕ 1847 ਵੋਟਾਂ ਦਾ ਸੀ। ਅਜਿਹੀ ਹੀ ਸਥਿਤੀ ਵਾਰਡ 23 ’ਚ ਰਹੀ ਜਿੱਥੇ ਕਾਂਗਰਸ ਦੀ ਉਮੀਦਵਾਰ ਕਿਰਨਾ ਰਾਣੀ ਸ਼੍ਰੋਮਣੀ ਅਕਾਲੀ ਦਲ ਨੂੰ 1194 ਵੋਟਾਂ ਨਾਲ ਹਰਾਕੇ ਜਿੱਤੀ ਸੀ ਜਿਸ ਨੂੰ 714 ਵੋਟਾਂ ਪਈਆਂ ਸਨ। ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਬਲਰਾਜ ਪੱਕਾ ਨੇ ਆਪ ਉਮੀਦਵਾਰ ਬਿਕਰਮ ਸਿੰਘ ਨੂੰ ਪਈਆਂ 853 ਵੋਟਾਂ ਦੇ ਮੁਕਾਬਲੇ 1149 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਵਾਰਡ ਨੰਬਰ 11 ਤੋਂ ਕਾਂਗਰਸ ਦੀ ਉਮੀਦਵਾਰ ਗੁਰਵਿੰਦਰ ਕੌਰ ਅਕਾਲੀ ਦਲ ਨੂੰ 1121 ਦੇ ਫਰਕ ਨਾਲ ਹਰਾਕੇ ਚੋਣ ਜਿੱਤੀ ਸੀ।
ਇਸ ਮਾਮਲੇ ’ਚ ਪਹਿਲੀ ਵਾਰ ਚੋਣ ਜਿੱਤਣ ਉਪਰੰਤ ਮੇਅਰ ਬਣਨ ਵਾਲੀ ਸ਼੍ਰੀਮਤੀ ਰਮਨ ਗੋਇਲ ਦਾ ਨਾਮ ਵੀ ਸ਼ਾਮਲ ਹੈ ਜਿੰਨ੍ਹਾਂ ਨੇ ਵਾਰਡ 35 ਤੋਂ 1453 ਵੋਟਾਂ ਹਾਸਲ ਕਰਕੇ 319 ਵੋਟਾਂ ਲਿਜਾਣ ਵਾਲੀ ਭਾਜਪਾ ਉਮੀਦਵਾਰ ਸੀਮਾ ਅਰੋੜਾ ਨੂੰ 1134 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਵਾਰਡ ਨੰਬਰ 34 ਤੋਂ ਕਾਂਗਰਸ ਦੇ ਜਸਵੀਰ ਜੱਸਾ ਨੇ ਅਕਾਲੀ ਦਲ ਦੇ ਪੰਕਜ ਮਹੇਸ਼ਵਰੀ ਤੋਂ 1302 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਜੋ ਮਸਾਂ 385 ਵੋਟਾਂ ਹੀ ਲਿਜਾ ਸਕੇ ਸਨ। ਵਾਰਡ ਨੰਬਰ 38 ਤੋਂ ਕਾਂਗਰਸ ਦੀ ਮਮਤਾ ਸੈਣੀ ਨੇ ਆਪ ਉਮੀਦਵਾਰ ਰੈਣਾ ਸ਼ਰਮਾ ਤੋਂ 1115 ਵੋਟਾਂ ਜਿਆਦਾ ਹਾਸਲ ਕੀਤੀਆਂ ਸਨ ਜੋ ਸਿਰਫ 375 ਵੋਟਾਂ ਹੀ ਲਿਜਾ ਸਕੀ ਸੀ। ਵਾਰਡ ਨੰਬਰ 30 ਤੋਂ ਕਾਂਗਰਸ ਦੇ ਬਲਜਿੰਦਰ ਠੇਕੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਸ਼ੋਕ ਕੁਮਾਰ ਨੂੰ 1471 ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ ਸੀ।
ਕਾਂਗਰਸ ਦੇ ਅਸ਼ੋਕ ਪ੍ਰਧਾਨ ਵਾਰਡ 37 ਤੋਂ 284 ਵੋਟਾਂ ਲਿਜਾਣ ਵਾਲੇ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਤੋਂ 1430 ਦੇ ਫਰਕ ਨਾਲ ਚੋਣ ਜਿੱਤੇ ਸਨ। ਵਾਰਡ 2 ਤੋਂ ਕਾਂਗਰਸੀ ਉਮੀਦਵਾਰ ਸੁਖਦੀਪ ਸਿੰਘ ਨੇ ਵਿਰੋਧੀ ਆਪ ਉਮੀਦਵਾਰ ਤੋਂ 1337 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ । ਵਾਰਡ ਨੰਬਰ 42 ਤੋਂ ਕਾਂਗਰਸ ਦੇ ਸੁਖਰਾਜ ਔਲਖ ਨੇ ਅਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਨੂੰ 1067 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਏਦਾਂ ਹੀ ਹਜ਼ਾਰ ਤੋਂ ਘੱਟ ਪਰ ਵਿਰੋਧੀਆਂ ਤੋਂ ਜਿਆਦਾ ਤੇ ਜਿੱਤਣ ਵਾਲਿਆਂ ’ਚ ਵਾਰਡ 49 ਤੋਂ ਕਮਲੇਸ਼ ਮਹਿਰਾ 942 , ਵਾਰਡ 36 ਤੋਂ ਹਰਵਿੰਦਰ ਲੱਡੂ 865 , ਵਾਰਡ 40 ਤੋਂ ਆਤਮਾ ਸਿੰਘ 898, ਵਾਰਡ 28 ਤੋਂ ਮਾਸਟਰ ਹਰਮੰਦਰ ਸਿੰਘ 991, ਵਾਰਡ 26 ਤੋਂ ਸੰਦੀਪ ਬਾਬੀ 781, ਵਾਰਡ 25 ਤੋਂ ਕਮਲਜੀਤ ਕੌਰ 820 ਅਤੇ ਵਾਰਡ 14 ਤੋਂ 967 ਵੋਟਾਂ ਤੇ ਜਿੱਤਣ ਵਾਲੇ ਵਿਵੇਕ ਨੰਬਰਦਾਰ ਹਨ।
ਸਿੰਗ ਫਸਣ ਦਾ ਵੀ ਰਿਕਾਰਡ
ਸਭ ਤੋਂ ਘੱਟ ਸਿਰਫ 13 ਵੋਟਾਂ ਤੇ ਜਿੱਤਣ ਦਾ ਰਿਕਾਰਡ ਅਕਾਲੀ ਉਮੀਦਵਾਰ ਮੱਖਣ ਸਿੰਘ ਅਤੇ ਇਸੇ ਪਾਰਟੀ ਦੀ ਵਾਰਡ ਨੰਬਰ 1 ਤੋਂ 25 ਵੋਟਾਂ ਲਿਜਾਣ ਵਾਲੀ ਅਮਨਦੀਪ ਕੌਰ ਦੇ ਨਾਮ ਬੋਲਦਾ ਹੈ। ਇਸ ਦੇ ਉਲਟ ਕਾਂਗਰਸੀ ਉਮੀਦਵਾਰਾਂ ਚੋਂ ਇਹ ਸਿਹਰਾ ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਸੁਖਦੇਵ ਸਿੰਘ ਸੁੱਖਾ ਦੇ ਸਿਰ ਬੱਝਿਆ ਸੀ। ਸੁੱਖਾ ਨੇ ਗੋਡਣੀਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਜੀਵ ਕੁਮਾਰ ਨੂੰ ਮਸਾਂ 43 ਵੋਟਾਂ ਤੇ ਹਰਾਇਆ ਸੀ। ਇਸੇ ਤਰਾਂ ਹੀ ਤੱਤਕਾਲੀ ਕਾਂਗਰਸੀ ਉਮੀਦਵਾਰ ਸੰਤੋਸ਼ ਮਹੰਤ ਜੋ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ’ਚ ਹਨ, 71 ਵੋਟਾਂ ਦੇ ਫਰਕ ਨਾਲ ਜਿੱਤੇ ਸਨ।
ਡੁਪਲੀਕੇਟ ਪੱਤਾ ਵੀ ਚੱਲਿਆ
ਵਾਰਡ ਨੰਬਰ 33 ਤੋਂ ਕਾਂਗਰਸੀ ਉਮੀਦਵਾਰ ਨੇਹਾ ਜਿੰਦਲ 164 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਜਿੰਨ੍ਹਾਂ ਨੇ ਵਿਰੋਧੀ ਆਮ ਆਦਮੀ ਪਾਰਟੀ ਦੀ ਮਜਬੂਤ ਮੰਨੀ ਜਾਂਦੀ ਉਮੀਦਵਾਰ ਮਨਦੀਪ ਕੌਰ ਰਾਮਗੜ੍ਹੀਆ ਨੂੰ ਹਰਾਇਆ ਜੋਕਿ ਸਮੂਹ ਆਪ ਉਮੀਦਵਾਰਾਂ ਚੋਂ ਮਜਬੂਤ ਮੰਨੀ ਜਾਂਦੀ ਸੀ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਮੌਕੇ ਮਨਦੀਪ ਕੌਰ ਰਾਮਗੜ੍ਹੀਆ ਦੀ ਹਾਰ ਦਾ ਕਾਰਨ ਉਸ ਦੀ ਹਮਨਾਮ ਮਨਦੀਪ ਕੌਰ ਨਾਂ ਦੀ ਅਜਾਦ ਉਮੀਦਵਾਰ ਬਣੀ ਜੋ 430 ਵੋਟਾਂ ਲੈ ਗਈ ਸੀ। ਇਸ ਸਬੰਧ ਵਿੱਚ ਦੋ ਵਾਰ ਸੰਪਰਕ ਕਰਨ ਤੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਫੋਨ ਨਹੀਂ ਚੁੱਕਿਆ।